ਆਮ ਬਸ਼ਰ ਦੀ ਪਰਵਾਜ਼

 14/01/2024


(ਸਮਾਜ ਵੀਕਲੀ) ਲੋਕ ਪੱਖ ਦੀ ਸਿਆਸਤ ਕਰਨ ਵਾਲੇ ਸਿਆਣੇ ਦੱਸਦੇ ਨੇ ਕਿ ਏਸ ਜਹਾਨ ਉੱਤੇ ਜਿੰਨੀਆਂ ਵੀ ਹੱਦਾਂ ਸਰਹੱਦਾਂ ਹਨ, ਓਹ ਆਰਜ਼ੀ ਨੇ ਤੇ ਮਨੁੱਖ ਵੱਲੋੰ ਬਣਾਈਆਂ ਹੋਈਆਂ ਹੈਨ। ਇਨ੍ਹਾਂ ਹੱਦਾਂ ਸਰਹੱਦਾਂ ਦਾ ਸਦੀਵੀ ਅਸਲੀਅਤ ਨਾਲ ਕੋਈ ਵਾਸਤਾ ਨਹੀਂ ਹੁੰਦਾ। ਏਹ ਜੁਮਲਾ ਅਸੀਂ ਇੱਥੇ ਤਾਂ ਵਰਤਿਆ ਹੈ, ਤਾਂ ਜੋ ਪੜ੍ਹਨਹਾਰਾਂ ਨੂੰ ਸਾਡੀ ਅੱਜ ਦੀ ਵਾਰਤਾ ਦਾ ਵਿਸ਼ਾ ਪਤਾ ਲੱਗ ਸਕੇ। ਅਸੀਂ ਆਪਣੇ ਮੌਕਫ਼ ਤੋਂ ਵਾਕਫ਼ ਕਰਵਾ ਦੇਣਾ ਲੋਚਦੇ ਹਾਂ।
****
“ਹੱਦ” ਸ਼ਬਦ ਨੂੰ ਹਿੰਦੀ ਜ਼ੁਬਾਨ ਵਿਚ ‘ਸੀਮਾ’ ਆਖਿਆ ਜਾਂਦਾ ਹੈ। ਹੈਰਾਨੀ ਏਸ ਪੱਖੋਂ ਹੈ ਕਿ ਸਰਹੱਦ ਨੂੰ ਵੀ ਸੀਮਾ ਈ ਆਖ ਦਿੰਦੇ ਨੇ। ਖ਼ੈਰ, ਏਸ ਸੁਲੇਖ ਦੇ ਜ਼ਰੀਏ ਨਾਲ ਅਸੀਂ ਏਹ ਨੁਕਤਾ ਛੋਹਣਾ ਹੈ ਕਿ “ਹੱਦ” ਦਾ ਜਜ਼ਬਾ ਕਿਓੰ ਤੇ ਕਿਵੇਂ ਸ਼ਕ਼ਲ ਅਖਤਿਆਰ ਕਰਦਾ ਹੈ। ਜੇ, ਕਿਸੇ ਪੜ੍ਹਾਕੂ ਜੀਅ ਨੂੰ ਭੈੜਾ ਨਾ ਲੱਗੇ ਤਾਂ ਬਿਨਾਂ ਕਿਸੇ ਝਿਜਕ ਤੋਂ ਇਹ ਤਸਦੀਕ ਕੀਤਾ ਜਾ ਸਕਦਾ ਹੈ ਕਿ “ਹੱਦ” ਭਾਵੇਂ ਕੁਦਰਤੀ ਅਮਲ ਹੈ ਪਰ “ਬੇਹੱਦ” ਦਾ ਜਜ਼ਬਾ ਕੁਦਰਤੀ ਨਹੀਂ ਹੈ। “ਹੱਦ” ਨੂੰ ਫੜ ਕੇ ਜਿਹੜੇ ਬੰਦੇ/ਬੰਦੀਆਂ ਬੇਹੱਦ ਅਜੀਬ ਤੇ ਗਰੀਬ ਕਿਸਮ ਦੀ ਪਹੁੰਚ ਅਪਣਾਉਂਦੇ ਨੇ, ਓਹਨਾਂ ਦਾ ਧੁਰ ਅੰਦਰਲਾ ਮਨ ਏਸ ਵਰਤਾਰੇ ਦਾ ਕਾਇਲ ਹੁੰਦਾ ਹੈ ਕਿ ਵਈ, ਇਹ ਹੱਦਾਂ ਸਰਹੱਦਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਹਨ। ਕੁਦਰਤੀ ਮਨ ਕਦੇ ਵੀ ਹਿੰਸਕ ਨਹੀਂ ਹੁੰਦਾ, ਅਲਬੱਤਾ, ਸਮਾਜ ਦੇ ਸਵਾਰਥੀਆਂ ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਸਿਆਸੀ ਜਮੂਰਿਆਂ ਨੇ ਜਨਤਾ ਨੂੰ ਜ਼ਹਿਰੀ ਬਣਾਇਆ ਹੋਇਆ ਹੁੰਦਾ ਐ।
ਏਸੇ ਸੋਚ ਫੁਟਾਰੇ ਦੀ ਸੇਧ ਵਿਚ ਅਸੀਂ ਵੇਖਦੇ ਹਾਂ ਕਿ ਪਹਿਲਾਂ ਤਾਂ ਓਸ ਘਰ ਦੀ ਹੱਦ ਹੁੰਦੀ ਹੈ, ਜਿੱਥੇ ਅਸੀਂ ਮੁਕੀਮ ਹੁੰਦੇ ਹਾਂ। ਏਸ ਪ੍ਰਸੰਗ ਵਿਚ ਏਹ ਨਿਹਾਇਤ ਲਾਜ਼ਮੀ ਵੀ ਏ ਕਿ ਜਿਹੜੇ ਅਸਥਾਨ ਉੱਤੇ ਅਸੀਂ ਵਸੇਬ ਕਰਨਾ ਐ, ਜਿੱਥੇ ਖਾਣਾ, ਸੌਣਾ ਤੇ ਪਹਿਣਨਾ/ ਲਾਹੁਣਾ ਹੁੰਦਾ ਹੈ। ਇਨ੍ਹਾਂ ਅਮਲਾਂ ਨੂੰ ਦੂਜਿਆਂ ਸਾਵੇਂ ਤੇ ਨਹੀਂ ਕੀਤਾ ਜਾ ਸਕਦਾ ਹੁੰਦਾ। ਏਸ ਲਈ ਦੂਜੇ ਜੀਊੜੇ ਤੋਂ ਝਾਕਾ ਆਉਣਾ ਵੀ ਬੜਾ ਸੁਭਾਵਕ ਹੈ, ਸੋ, ਆਪਣਾ ਨਿੱਜ ਅਸਥਾਨ ਹੋਣਾ ਬੜੀ ਕੁਦਰਤੀ ਜ਼ਰੂਰਤ ਹੈ। ਘਰ ਦੀਆਂ ਹੱਦਾਂ ਤਾਂ ਹੋਣੀਆਂ ਚਾਹੀਦੀਆਂ ਨੇ ਪਰ ਓਹ ਏਨੀਆਂ ਡਾਹਢੀਆਂ ਨਹੀਂ ਹੋਣੀਆਂ ਚਾਹੀਦੀਆਂ ਕਿ ਦੂਜਾ ਜੀਅ ਇਨ੍ਹਾਂ ਅੰਦਰ ਪੈਰ ਧਰਾਵੇ ਤੋਂ ਵੀ ਤ੍ਰਬਕ ਦਾ ਹੋਵੇ। ਜਾਇਜ਼ ਗੱਲ ਤਾਂ ਬੜੀ ਵਾਜਬ ਹੁੰਦੀ ਹੈ, ਨਾ- ਜਾਇਜ਼ ਕੁਝ ਵੀ ਵਾਜਬ ਨਹੀਂ ਹੁੰਦਾ।

ਘਰ, ਗਰਾਂ, ਮੁਲਕ ਬਨਾਮ ਕੁਲ ਜਹਾਨ ਦਾ ਖ਼ਿਆਲ
“ਘਰ” ਤੇ ਸਾਡੇ ਲਈ ਓਹ ਓਟ ਆਸਰਾ ਸਥਾਨ ਹੁੰਦਾ ਏ ਜਿੱਥੇ ਅਸੀਂ ਪੱਕਾ ਟਿਕ ਟਿਕਾਅ ਕਰ ਕੇ, ਵਸੇਬ ਲਈ ਲਾਜ਼ਮੀ ਬੰਦੋਬਸਤ ਕਰਦੇ ਆਂ। ਫੇਰ ਜਦੋਂ ਰਹਿਣ ਸਹਿਣ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਆਦਮੀ, ਸ਼ਾਨਦਾਰ ਤੇ ਮਜ਼ਬੂਤ ਰਹਿਤਲ ਲਈ ਜੱਦੋਜ਼ਹਿਦ ਕਰਦਾ ਹੈ। ਜਿੰਨੂ ਅੱਜਕਲ੍ਹ ਲਗਜ਼ਰੀ ਹੋਮ, ਆਖ ਦਿੰਨੇ ਆ, ਇਹ ਖਾਹਿਸ਼ ਤਾਂ ਇਨਸਾਨੀ ਫ਼ਿਤਰਤ ਵਿਚ ਕ਼ਦੀਮ ਵੇਲਿਆਂ ਤੋਂ ਈ ਤੁਰੀ ਆਉਂਦੀ ਏ ਕਿ ਇਨਸਾਨ ਆਪਣੇ ਲਈ ਤੇ ਆਪਣੇ ਅਜ਼ੀਜ਼ ਜੀਆਂ ਲਈ ਸੋਹਣਾ ਵਸੇਬ ਉਸਾਰਦਾ ਚਾਹੁੰਦਾ ਹੁੰਦਾ ਐ। ਜਾਨ ਮਾਰ ਕੇ, ਪੈਸਾ ‘ਕੱਠਾ ਕਰਦਾ ਐ। ਕਈ ਵਾਰ, ਹਯਾਤੀ ਵਿਚ ਬੜੇ ਭੈੜੇ ਸਬਕ ਦੇਣ ਆਲੇ ਬੰਦੇ ਟੱਕਰ ਜਾਂਦੇ ਹਨ, ਜਿਹੜੇ ਸਾਡੇ ਲਹੂ ਮੁੜਕੇ ਦੀ ਕਮਾਈ ਨੂੰ ਚਟਮ ਕਰ ਜਾਣ ਲਈ ਪੂਰੀ ਵਾਅ ਲਾ ਦਿੰਦੇ ਹਨ। ਕ਼ਦੀਮ ਤੋਂ ਈ ਜਦੋਂ ਇਨਸਾਨ ਨੇ ਜੰਗਲ ਬੇਲੇ ਤੱਜ ਕੇ ਹੁਨਰ ਦੀ ਬਿਨਾਅ ਉੱਤੇ ਪਿੰਡ, ਗਰਾਂ, ਕ਼ਸਬੇ ਉਸਾਰੇ ਤਾਂ ਵਿਹਲੜ ਤੇ ਸ਼ੈਤਾਨ ਬਿਰਤੀ ਦੇ ਠੱਗ ਅਨਸਰਾਂ ਨੇ ਵੀ ਉਦੋਂ ਈ ਸਿਰੀ ਚੁੱਕ ਲਈ ਸੀ। ਸਿਆਣੇ ਜੀਅ ਦੱਸਦੇ ਨੇ ਕਿ ਦੋ ਤਿੰਨ ਧੰਦੇ ਢੇਰ ਅਰਸਾ ਪੁਰਾਣੇ ਨੇ।

ਮਸਲਨ, ਸਰੀਰ ਵੇਚ ਕੇ ਕਮਾਈ ਕਰਨੀ ਪੁਰਾਣਾ ਧੰਦਾ ਹੈ। ਵੇਸਵਾਗਮਨੀ ਨਵਾਂ ਵਰਤਾਰਾ ਨਹੀਂ ਹੈ। ਦਲਾਲੀ ਦਾ ਕੰਮ ਵੀ ਏਹਦੇ ਨਾਲ ਈ ਜੁੜਦਾ ਹੈ।
2 ਜ਼ਹਿਰੀਲੀ ਸ਼ੈਅ ਖਵਾ ਕੇ ਕ਼ਤਲ ਕਰਨਾ ਠੱਗਾਂ ਦਾ ਕੰਮ ਰਿਹਾ ਹੈ। ਜ਼ਹਿਰ ਖੁਰਾਨੀ ਗਿਰੋਹ ਲੰਮੇਂ ਅਰਸੇ ਤੋਂ ਤੁਰੇ ਆਉਂਦੇ ਹਨ।
3 ਇਵੇਂ ਹੀ, ਕਵੀ ਹਿਰਦੇ ਵਾਲੇ ਲੋਕਾਂ ਨੇ ਜਦੋਂ ਕੁਲ ਵਜੂਦ ਦੀ ਚਲਾਇਮਾਨ ਤਾਕ਼ਤ ਬਾਰੇ ਖ਼ਿਆਲ ਕੀਤਾ ਤਾਂ ਉਨ੍ਹਾਂ ਨੇ ਛੰਦ, ਦੋਹਿੜੇ, ਸਲੋਕ ਉਚਾਰੇ। ਉਨ੍ਹਾਂ ਦਾ ਮਕਸਦ ਕੁਦਰਤ ਦੀ ਸਿਫ਼ਤ ਕਰਨਾ ਸੀ, ਇੰਨੀ ਵੱਡੀ ਸ਼ਾਇਰਾਨਾ ਘਟਨਾ ਵਾਪਰਨ ਮਗਰੋਂ ਮਨੁੱਖਤਾ ਨੂੰ ਚੋਖਾ ਲਾਭ ਹੋਇਆ। ਓਹ, ਲਾਭ ਇਹ ਹੋਇਆ ਕਿ ਮਨੁੱਖ ਵਿਚ ਕਾਵਿ ਨੂੰ ਸਮਝਣ ਦਾ ਸ਼ਊਰ ਪਨਪਿਆ। ਏਸ ਕਾਰਨ ਇਨਸਾਨੀ ਮਨ ਦੀ ਏਸ ਸੰਭਾਵਨਾ ਬਾਰੇ ਪਤਾ ਲੱਗ ਗਿਆ ਕਿ ਬੰਦਾ, ਬੜਾ ਵੱਡਾ ਕਾਰਸਾਜ਼ ਹੈ ਤੇ ਸੋਹਣੇ ਖ਼ਿਆਲਾਂ ਦੇ ਜ਼ਿਕਰ ਸਦਕਾ ਚਲੰਤ ਪਲਾਂ ਨੂੰ ਮਹਿਕਾਇਆ ਵੀ ਜਾ ਸਕਦਾ ਹੈ।
ਇਹ ਕਾਵਿ ਰਚਨਾਵਾਂ, ਇਹ ਛੰਦ, ਦੋਹਿੜੇ, ਸਲੋਕ, ਆਇਤਾਂ ਭਾਵੇਂ ਕਵੀ ਹਿਰਦਿਆਂ ਦਾ ਸਗਲ ਸੰਸਾਰ ਨੂੰ ਤੋਹਫ਼ਾ ਹੈਨ ਪਰ ਚਿੱਟੀ ਸਿਓਂਕ ਤੋਂ ਇਹ ਕਲਾ ਕਿਰਤਾਂ ਬੱਚ ਤੇ ਨਹੀਂ ਸਕੀਆਂ।
ਆਖ ਸਕਦੇ ਹਾਂ ਕਿ ਇਹ ਪੁਜਾਰੀ, ਭਾਈ, ਪਾਂਧੇ ਤੇ ਹੋਰ ਮੰਤਰਫਰੋਸ਼ ਲੋਕ, ਭਾਵੇਂ ਕਾਵਿ ਖੂਬੀਆਂ ਦੇ ਮਾਲਕ ਨਹੀਂ ਹੁੰਦੇ ਪਰ ਇਹ ਲੋਕ, ਲੋਕਾਈ ਦੇ ਲਹੂ ਮੁੜਕੇ ਦੀ ਕਮਾਈ ਉੱਪਰ ਪਲ਼ਦੇ (ਜ਼ਰੂਰ) ਹਨ। ਇਕ ਜੀਊਣ ਚੱਜ ਵਿਚ ਜੰਮੇ ਪਲੇ ਇਨਸਾਨ ਦਾ ਦੂਜੇ ਵਸੇਬ ਵਿਚ ਜੰਮੇ ਪਲੇ ਇਨਸਾਨ ਨਾਲ ਕੋਈ ਝਗੜਾ ਨਹੀਂ ਹੁੰਦਾ। ਜਦਕਿ ਕੌੜਾ ਸੱਚ ਇਹ ਹੈ ਕਿ ਸ਼ਾਇਰਾਂ, ਕਵੀਆਂ ਦੇ ਕ਼ਲਾਮਾਂ ਤੇ ਬਾਣੀ ਨੂੰ ਵੇਚ ਕੇ ਪਲਣ ਵਾਲੇ ਪਰਜੀਵੀ ਪੁਜਾਰੀ, ਭਾਈ, ਮੁਲਾਣੇ ਹੀ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਹਨ। ਆਖ਼ਰ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਦੀ ਲੋਕਾਈ ਜਿਹੜੀ ਇਕ ਦੂਜੇ ਨੂੰ ਕਦੇ ਮਿਲੀ ਗਿਲੀ ਵੀ ਨਹੀਂ!! ਏਸ ਸਾਂਝੀ ਲੋਕਾਈ ਦੇ ਧੁਰ ਦਿਲ ਅੰਦਰ ਨਫਰਤਾਂ ਦੇ ਖ਼ਿਆਲ ਕਿਹੜੇ ਭੈੜੇ ਤੱਤਾਂ ਨੇ ਪੈਦਾ ਕੀਤੇ ਨੇ? ਕੌਣ ਨੇ ਓਹ “ਇਨਸਾਨ ਦੁਸ਼ਮਣ” ਅਨਸਰ ਜਿਹੜੇ ਹੱਦਾਂ ਨੂੰ ਪੱਕੀਆਂ ਤੇ ਸਦੀਵੀ ਸਰਹੱਦਾਂ ਵਾਂਗ ਪੇਸ਼ ਕਰਦੇ ਨੇ? ਜ਼ਾਹਰ ਐ ਕਿ ਇਹ ਪੁਜਾਰੀ ਜਮਾਤ ਹੈ! ਏਸੇ ਪੁਜਾਰੀ ਜਮਾਤ ਨੇ ਹਰੇਕ ਯੁੱਗ ਵਿਚ ਬੰਦੇ ਨੂੰ ਬੰਦੇ ਤੋਂ ਦੂਰ ਕਰੀਂ ਰਖਿਆ ਐ।

ਆਓ, ਗੋਰਿਆਂ/ਫ਼ਿਰੰਗੀਆਂ ਤੋਂ ਮੋਹ ਕਰਨ ਦੀ ਜਾਚ ਸਿੱਖੀਏ
ਯੋਰੋਪ ਦੇ ਮੁਲਕਾਂ ਦੀ ਮਿਸਾਲ ਲੈ ਸਕਦੇ ਹਾਂ। ਅਮਰੀਕਾ ਦੇਸ ਦੀਆਂ ਹੱਦਾਂ ਮੈਕਸਿਕੋ ਦੇਸ ਨਾਲ ਖਹਿੰਦੀਆਂ ਸਨ, ਓਥੋਂ ਦੇ ਲੋਕ ਨਾ ਤਾਂ ਸਰਹੱਦ ਉੱਤੇ ਇਕ ਦੂਜੇ ਨੂੰ ਵੇਖ ਕੇ ਅੱਖਾਂ ਕੱਢਦੇ ਸਨ, ਤੇ ਨਾ ਹੀ ਫੌਜ ਦੇ ਮੁਲਾਜ਼ਮ ਜ਼ਮੀਨ ਉੱਤੇ ਪੈਰ ਪਟਕਾਅ ਕੇ, ਝੰਡਾ ਬਦਲਣ ਦਾ ਰੌਲਾ ਪਾਉਂਦੇ ਸਨ। ਮੈਕਸਿਕੋ ਦੇ ਬਾਸ਼ਿੰਦੇ ਤੇ ਅਮਰੀਕਨ ਬਾਸ਼ਿੰਦੇ ਆਪੋ ਵਿੱਚੀਂ ਹੱਸਣ ਖੇਡਣ ਤੇ ਮੌਲਣ ਲਈ ਵਾਹਵਾ ਨੇੜ ਕਰਦੇ ਰਹੇ ਹਨ। ਸਰਹੱਦਾਂ ਉੱਤੇ ਖ਼ਾਸ ਸਥਾਨ ਨੀਯਤ ਕਰ ਕੇ, ਚੋਖਾ ਸਮਾਂ ਫੁੱਟਬਾਲ ਤੇ ਹੋਰ ਖੇਡਾਂ ਖੇਡਣੀਆਂ ਗੋਰਿਆਂ ਦਾ ਸ਼ਗਲ ਰਿਹਾ ਹੈ। ਹੁਣ, ਪਤਾ ਲੱਗਾ ਹੈ ਕਿ ਨਕਲੀ ਰਾਸ਼ਟਰ ਵਾਦ ਦੀ ਮੁੱਦਈ ਕੋਈ ਰਾਜਸੀ ਪਾਰਟੀ ਲੋਕਾਂ ਨੂੰ ਓਥੇ ਵੀ ਵੰਡ ਰਹੀ ਹੈ। ਅਮਰੀਕਾ ਵੱਸਦਾ ਦੋਸਤ ਦੱਸਦਾ ਸੀ ਕਿ ਹੋਟਲਾਂ, ਜੂਆਖਾਨਿਆਂ, ਕੈਸੀਨੋ ਤੇ ਅਯਾਸ਼ੀ ਦਾ ਧੰਦਾ ਕਰਨ ਵਾਲਾ ਖੂਹ ਦਾ ਡੱਡੂ ਕਿਸਮ ਦਾ ਵਪਾਰੀ ਡੋਨਾਲਡ ਟਰੰਪ ਲੋਕਾਈ ਨੂੰ ਵੰਡ ਕੇ, ਫਿਰਕੂ ਮਾਹੌਲ ਬਣਾ ਕੇ, ਰਾਸ਼ਟਰਪਤੀ ਬਣ ਗਿਆ ਸੀ। ਜਾਗਦੀ ਜ਼ਮੀਰ ਵਾਲੇ ਲਿਖਾਰੀਆਂ ਤੇ ਦੀਦਾਵਰ (ਜਿਹਦੇ ਕੋਲ ਅੰਦਰਲੀ ਅੱਖ ਹੋਵੇ) ਬੰਦਿਆਂ ਨੇ ਟਰੰਪ ਵਿਰੁੱਧ ਪ੍ਰਚਾਰ ਭਖਾਈ ਰਖਿਆ। ਪਾਰਟੀ ਨੇ ਟਰੰਪ ਨੂੰ ਰੋਲ ਦਿੱਤਾ। ਹੁਣ ਫੇਰ ਟਰੰਪ ਆਨੇ ਵਾਲੀ ਥਾਂ ਆ ਗਿਆ ਹੈ ਤੇ ਹੋਟਲ ਚਲਾਉਂਦਾ ਸੁਣਿਆ ਗਿਆ ਹੈ। ਖ਼ੈਰ, ਗੋਰੇ ਓਸ ਕਿਸਮ ਦੀ ਨਫ਼ਰਤ ਦਾ ਪ੍ਰਗਟਾਵਾ ਨਹੀਂ ਕਰਦੇ, ਜਿਵੇਂ ਅਸੀਂ ਕਰਦੇ ਹਾਂ।

ਅਸੀਂ ਹਿੰਦ ਦੇ ਵਸਨੀਕ ਲੋਕ, ਹੁਸੈਨੀਵਾਲਾ ਤੇ ਵਾਹਘਾ ਹੱਦ ਉੱਤੇ ਇਕ ਦੂਜੇ ਨੂੰ ਆਨੀਆਂ ਕੱਢਣ ਨੂੰ ਹੀ ਵਤਨਪ੍ਰਸਤੀ ਸਮਝੀ ਬੈਠੇ ਹਾਂ!
ਹੱਦਾਂ ਤੇ ਹੁੰਦੀਆਂ ਨੇ, ਬੜੀ ਜਾਇਜ਼ ਗੱਲ ਏ ਕਿ ਤੁਹਾਡੇ ਘਰ ਦੀ ਚਾਰਦੀਵਾਰੀ ਦਾ ਸਤਿਕਾਰ ਮੈਨੂੰ ਕਰਨਾ ਚਾਹੀਦਾ ਹੈ, ਮੇਰੇ ਢਾਰੇ ਦਾ ਵਜੂਦ ਤੁਹਾਨੂੰ ਮੰਨਣਾ ਚਾਹੀਦਾ ਏ। ਏਸ ਖ਼ਿਆਲ ਮੁਤਾਬਕ ਘਰ, ਢਾਣੀਆਂ, ਪਿੰਡ, ਦੇਸ, ਜਹਾਨ ਉੱਸਰਦੇ ਹੋਣ ਤਾਂ ਇਹ ਸਭ ਕੁਝ ਕਾਬਿਲੇ ਕ਼ਬੂਲ ਹੁੰਦਾ ਹੈ। ਜਦਕਿ ਗੁਆਂਢੀ ਦੇ ਘਰ ਦੀ ਨੀਤ ਕਰ ਕੇ, ਓਹਨੂੰ ਡਰਾ ਕੇ ਪਾਗਲ ਸਾਬਤ ਕਰ ਕੇ ਨਠਾਉਣ ਦੇ ਹੀਲੇ ਕਰਨੇ ਇਨਸਾਨੀ ਸਤਾਹ ਦਾ ਸਲੂਕ ਨਹੀਂ ਹੋ ਸਕਦਾ। ਅਸੀਂ, ਰੱਬ ਦੇ ਵਜੂਦ ਵਿਚ ਯਕੀਨ ਕਰਨ ਵਾਲੀ ਜਨਤਾ ਹਾਂ। ਸਾਨੂੰ ਤਾਂ ਮੋਹ ਮੋਹੱਬਤ ਦੇ ਭਰ ਵੱਗਦੇ ਦਰਿਆ ਬਣ ਕੇ ਵਿਖਾਅ ਦੇਣਾ ਚਾਹੀਦਾ ਸੀ!

ਪਰ ਇਹ ਜੋ ਕੁਝ ਅਸੀਂ ਸਰਹੱਦ ਦੇ ਨਾਂ ਮੁਜਬ ਕਰਦੇ ਹਾਂ, ਓਹਦੇ ਕਰ ਕੇ ਅਸੀਂ ਜੰਗਲੀ ਜ਼ਿਆਦਾ ਲੱਗਦੇ ਆਂ ਤੇ ਸਿਵਿਲਾਇਜ਼ਡ ਸੋਸਾਇਟੀ ਦੇ ਜੀਅ ਘੱਟ ਲੱਗਦੇ ਹਾਂ। ਉੱਤੋਂ ਕਈ ਕਾਰੋਬਾਰੀ ਫਿਲਮਕਾਰ ਇਹੋ ਜਿਹੀਆਂ ਅਨੇਕ ਫ਼ਿਲਮਾਂ ਬਣਾ ਕੇ ਬੈਠੇ ਹੋਏ ਨੇ ਕਿ ਗੁਆਂਢੀ ਮੁਲਕਾਂ ਦੀ ਅਵਾਮ ਨੂੰ ਘਿਰਣਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਈ ਨਹੀਂ ਕਰਨ ਜੋਗਾ ਦੱਸਦੇ। ਇਨ੍ਹਾਂ ਫਾਹਿਸ਼ ਫ਼ਿਲਮਾਂ ਦੀ ਹੀਰੋਇਨ ਨੇ ਦਰੱਖਤਾਂ ਦੇ ਝੁਰਮਟ ਲਾਗੇ ਤੁਰੀ ਫਿਰੀ ਜਾਣਾ ਹੁੰਦਾ ਹੈ, ਹੀਰੋ ਨੇ ਦੇਸ ਤੋਂ ਬਾਹਰ ਜੰਮੇ ਪਰਦੇਸਾਂ ਦੇ ਲੋਕਾਂ ਨੂੰ ਨਫ਼ਰਤੀ ਲਹਿਜੇ ਵਿਚ ਚੇਤੇ ਕਰਨਾ ਹੁੰਦਾ ਹੈ। ਹੀਰੋਇਨ ਨੇ ਬੇ ਸਲੀਕਾ ਹਰਕਤਾਂ ਕਰਦਿਆਂ ਹੋਇਆਂ ਬੇ-ਲਿਬਾਸ ਹੋਣ ਦੀ ਹੱਦ ਤੱਕ ਜਾਣਾ ਹੁੰਦਾ ਹੈ! ਲਓ, ਇਹ ਬਣ ਗਈ ਬਾਲੀਵੁੱਡ ਦੀ ਹਿੰਦੀ ਫ਼ਿਲਮ! ਕਈ ਵਾਰ ਟੀ ਵੀ ਔਨ ਕਰਨ ‘ਤੇ ਇਹੋ ਜਿਹੀਆਂ ਫ਼ਿਲਮਾਂ ਦਾ ਕਲਿੱਪ ਵੀ ਦੇਖ ਲਈਏ ਤਾਂ ਸਾਰੀ ਕਹਾਣੀ ਪਤਾ ਲੱਗ ਜਾਂਦਾ ਹੈ। ਬਕਵਾਸ ਦਾ ਦੁਹਰਾਅ, ਹਿੰਦੀ ਦੇ “ਮੁੱਖਧਾਰਾ ਸਿਨੇਮਾ” ਦੀ ਹੋਣੀ ਬਣਾ ਦਿੱਤਾ ਗਿਆ ਹੈ। ਅੱਜਕਲ੍ਹ ਅਕਸ਼ੈ ਕੁਮਾਰ ਤੇ ਪਹਿਲਾਂ ਅਮਿਤਾਭ ਬਚਣ ਇਹੋ ਜਿਹੀਆਂ ਫ਼ਿਲਮਾਂ ਵਿਚ ਕੰਮ ਕਰਦੇ ਰਹੇ ਹਨ।
ਕਿਹਾ ਜਾਂਦਾ ਹੈ ਕਿ ਦਾਦਾ ਫਾਲਕੇ ਨਾਂ ਦਾ ਬੰਦਾ ਜਿਹੜਾ ਅਸਲੀ ਜ਼ਿੰਦਗੀ ਤੋਂ ਦੂਰ, ਨਕਲੀ ਕਿਸਮ ਦੀਆਂ ਫ਼ਿਲਮਾਂ ਬਣਾਉਂਦਾ ਹੁੰਦਾ ਸੀ, ਓਹਦੀ ਰੂਹ ਹੁਣ “ਅੱਜ ਦੇ ਫਾਲਕਿਆਂ” ਵਿਚ ਵੜ ਗਈ ਹੈ।
ਉਂਝ ਤਾਂ ਰੂਹ ਦਾ ਮਤਲਬ ਚਿਹਰਾ ਜਾਂ ਸ਼ਕ਼ਲ ਹੁੰਦਾ ਹੈ, (ਜਿਵੇਂ ਰੂ ਬ ਰੂ) ਆਹਮੋ ਸਾਮ੍ਹਣੇ ਹੋਣਾ। ਪਰ ਏਥੇ ਅਸੀਂ ਰੂਹ ਦਾ ਮਤਲਬ ਜਜ਼ਬਾ ਸਮਝ ਸਕਦੇ ਹਾਂ। ਕਿੰਨੇ ਕਰਨ ਜੌਹਰ, ਕਿੰਨੇ ਬੌਬੀ ਡਾਰਲਿੰਗ, ਕਿੰਨੇ ਸਿੱਪੀ, ਕਿੰਨੇ ਸੁਧਾਕਰ ਬੋਕਾੜੇ, ਕਿੰਨ੍ਹੇ ਸੀ ਆਰ ਚੋਪਰੇ, ਕਿੰਨ੍ਹੇ ਸਾਗ ਵਗੈਰਾ ਹੋਣਗੇ, ਜਿਨ੍ਹਾਂ ਕਦੇ ਕਾਰੋਬਾਰੀ ਮਾਨਸਿਕਤਾ ਦੀ ਵਲਗਣ ਵਿੱਚੋਂ ਬਾਹਰ ਨਿਕਲ ਕੇ ਸੋਚਿਆ ਈ ਨਹੀਂ। ਇਹ ਘਟੀਆ ਫ਼ਿਲਮਾਂ ਈ ਮਸਲੇ ਦੀ ਜੜ੍ਹ ਹਨ। ਹਕੀਕਤ ਤੋਂ ਲੈ ਕੇ ਗ਼ਦਰ ਤੇ ਹੁਣ ਸਾਰਾਗੜ੍ਹੀ ਨਾਂ ਦੀਆਂ ਫ਼ਿਲਮਾਂ ਖੂਹ ਦੇ ਡੱਡੂਪੁਣੇ ਦੀਆਂ ਲਖਾਇਕ ਹਨ।

ਕਾਮੇਡੀ ਦਾ ਮਤਲਬ ਜਹਾਲਤ ਤਾਂ ਨ੍ਹੀ ਹੁੰਦਾ ਸੀ!
ਕਾਮੇਡੀ ਜਾਂ ਮਜ਼ਾਹੀਆਪਣ ਦੀ ਗੱਲ ਕਰੀਏ ਤਾਂ ਕਪਿਲ ਦੇ ਸ਼ੋਅ ਨੂੰ ਕਾਮੇਡੀ ਆਖ ਸਕਾਂਗੇ? ਦਾਦੀ ਮਾਂ ਸ਼ਰਾਬ ਪੀਂਦੀ ਹੈ! ਭੂਆ ਦਾ ਵਿਆਹ ਨਹੀਂ ਹੋ ਸਕਿਆ। ਕਪਿਲ ਜਿਹੜਾ ਕਿਰਦਾਰ ਅਦਾ ਕਰਦਾ ਹੈ, “ਬਿੱਟੂ ਸਰਮਾ” ਦਾ! ਓਸ ਬਿੱਟੂ ਨੇ ਕਦੇ ਵੱਡਿਆਂ ਨਹੀਂ ਹੋਣਾ? ਬੇਟਾ, ਬਿਟਿਆ ਤੇ ਬਿੱਟੂ ਬੇਟਾ ਹੋਣਾ ਹਰ ਬੱਚੇ ਦਾ ਹਕ਼ ਹੈ ਪਰ ਕੀ ਇਨ੍ਹਾਂ ਬੇਟੇ ਬੇਟੀਆਂ ਨੇ ਦਿਮਾਗ਼ੀ ਪੱਖੋਂ ਕਦੇ ਵੱਡੇ ਈ ਨ੍ਹੀ ਹੋਣਾ ਹੁੰਦਾ? ਕੀ ਏਸ “ਬੇਟਾਪਣ” ,ਦੀ ਕੋਈ ਆਖ਼ਰੀ ਤਰੀਕ ਨਹੀਂ ਹੈ? ਉਂਝ ਪੰਜਾਬੀ ਬੋਲੀ ਦੇ ਲਫ਼ਜ਼ ਧੀ ਜਾਂ ਪੁੱਤ ਹਨ। ਬੇਟਾ, ਬੇਟੀ ਹਿੰਦੀ ਜ਼ੁਬਾਨ ਦੇ ਲਫ਼ਜ਼ ਹਨ।

ਆਪਣੀ ਦਾਦੀ, ਆਪਣੀ ਭੂਆ ਨੂੰ ਮਸ਼ਕਰੀਆਂ ਕਰਨ ਵਾਲੇ “ਬੰਦੇ” ਨੂੰ ਕੀ ਆਖਾਂਗੇ?
ਕਾਮੇਡੀ ਸ਼ੋਅ ਦੇ ਨਾਂ ਹੇਠ ਕਲਾਕਾਰ ਭਾਰਤੀ ਤੇ ਓਹਦੇ ਸਿਰ ਦਾ ਸਾਈ ਹਰਸ਼ ਜਿਹੜੀ ਵੰਨ ਦੀਆਂ ਮਸ਼ਕਰੀਆਂ ਕਰ ਕੇ ਟੀ ਵੀ ਉੱਤੇ ਵਿਖਾਅ ਰਹੇ ਨੇ, ਉਨ੍ਹਾਂ ਨੂੰ ਹਾਸਾ ਠੱਠਾ ਕਹਾਂਗੇ? ਕਚਰਾ ਹੈ, ਕਚਰਾ ਹੈ, ਕਚਰਾ ਹੈ! ਸ਼ੋਅ ਦਾ ਨਾਂ ਤਾਂ ਸਮਝ ਗਏ ਹੋਵੋਗੇ!

ਮੰਨਿਆ ਕਿ, ਇਨਸਾਨੀ ਸ਼ਊਰ ਦੀ ਹੱਦ ਹੁੰਦੀ ਹੈ, ਬਿਨਾਂ ਸ਼ਕ਼ ਮਾਨਵੀ ਮਨ ਦੀ ਸੀਮਾ ਹੁੰਦੀ ਹੈ, ਪਰ, ਜਹਾਲਤ ਦਾ ਮੁਜ਼ਾਹਰਾ ਕਿਓੰ ਕਰਨਾ ਹੋਇਆ? ਆਓ, ਹੱਦਾਂ ਵਿਚ ਬੱਝੇ ਮਨ ਨੂੰ ਮੋਕਲਾ ਕਰਨ ਲਈ ਅਹੁਲੀਏ।

ਦੇਸਾਂ ਦਰਮਿਆਨ ਹੱਦਾਂ ਸਰਹੱਦਾਂ ਦਾ ਕੀ ਭਵਿੱਖ ਹੈ?
ਹੱਦਾਂ ਸਰਹੱਦਾਂ ਦਾ ਅਸਲ ਮਸਲਾ ਇਹ ਹੈ ਕਿ ਹੱਦ ਬੜਾ ਕੁਦਰਤੀ ਮਾਮਲਾ ਹੈ। ਪਰਦਾ ਕੱਜਣ ਲਈ ਹੱਦਾਂ ਉਸਾਰਦੇ ਹਾਂ। ਇਕ ਜਿਹੀ ਬੋਲੀ, ਇੱਕੋ ਜਿਹਾ ਜੀਊਣ ਚੱਜ (ਸੱਭਿਆਚਾਰ) ਇੱਕੋ ਜਿਹੀਆਂ ਧਾਰਮਕ ਮਨੌਤਾਂ ਵਾਲੇ ਲੋਕਾਂ ਦਾ ਦੇਸ ਉੱਸਰ ਜਾਂਦਾ ਹੈ। ਜਦਕਿ ਜ਼ਿੰਦਗੀ ਦੇ ਕਾਵਿ ਜਜ਼ਬਿਆਂ ਤੋਂ ਵਾਂਝੇ ਪੁਜਾਰੀਆਂ, ਭਾਈਆਂ, ਕਥਾ ਵੇਚਕਾਂ ਦੀ ਸਮਝ “ਸਿਆਸੀ ਪੱਖੋਂ ਊਣੀ” ਹੋਣ ਕਾਰਨ ਏਸ ਮਾਮਲੇ ਦਾ ਖ਼ਮਿਆਜ਼ਾ ਸਾਰਾ ਜਹਾਨ ਭੁਗਤ ਰਿਹਾ ਹੈ। ਨਕਸ਼ਾ ਚੱਕ ਕੇ ਵੇਖਦੇ ਹਾਂ ਤਾਂ “ਸੰਸਾਰ ਰਾਜਨੀਤਕ” ਭਾਵ ਕਿ World Political ਉੱਕਰਿਆਂ ਹੋਇਆ ਤੱਕਦੇ ਹਾਂ। … ਪਰ ਬੇਗਾਨੇ ਕਵੀਆਂ ਤੇ ਲਿਖਾਰੀਆਂ ਦੇ ਸਲੋਕ, ਦੋਹਿੜੇ, ਆਇਤਾਂ ਵੇਚ ਕੇ ਰੋਟੀ ਖਾਣ ਵਾਲੀ ਪੁਜਾਰੀ ਜਮਾਤ ਸਗਲ ਸੰਸਾਰ ਦੇ ਦੇਸਾਂ ਦੀ ਹੱਦਬੰਦੀ ਨੂੰ ਰੱਬੀ ਘੜ੍ਹਤ ਦੱਸਦੀ ਹੈ। ਕਈ ਵਾਰ ਪੁੱਛ ਲਈਦਾ ਐ ਕਿ ਭਲਿਓ ਲੋਕੋ, ਜੇ ਦੇਸਾਂ ਦਰਮਿਆਨ ਵੰਡੀਆਂ ਕੁਦਰਤੀ ਨੇ ਤਾਂ ਦੋ ਦੇਸ “ਇਕ” ਕਿਵੇਂ ਹੋ ਜਾਇਆ ਕਰਦੇ ਨੇ? ਮਸਲਨ, ਜਰਮਨੀ ਦੋ ਦੇਸਾਂ ਵਿਚ ਤਕ਼ਸੀਮ ਰਿਹਾ ਹੈ, ਮੁੜ ਕੇ ਚੰਗੇ ਲਿਖਾਰੀਆਂ ਦੀਆਂ ਲਿਖਤਾਂ ਪੜ੍ਹਣ ਵਾਲੇ ਲੋਕਾਂ ਨੇ ਸਿਆਸੀ ਅੰਦੋਲਣ ਚਲਾਏ। ਭਾਸ਼ਣ ਦਿੱਤੇ। ਲੋਕਾਈ ਨੇ ਸਰਹੱਦੀ ਕੰਧਾਂ ਢਾਹ ਕੇ ਪਰ੍ਹਾਂ ਮਾਰੀਆਂ। ਜਰਮਨੀ ਮੁੜ ਬੱਝ ਗਿਆ। ਹੁਣ ਤਰੱਕੀ ਦੀ ਸਿਖਰ ਮਾਣ ਰਹੀ ਹੈ ਸਾਂਝੇ ਜਰਮਨੀ ਦੀ ਲੋਕਾਈ।
ਸਭ ਕੁਝ ਸਾਡੇ ਸੋਚਣ ਦੇ ਪੰਧ ਉੱਤੇ ਨਿਰਭਰ ਕਰਦਾ ਹੈ। ਇਹ ਠੀਕ ਹੈ ਕਿ “ਇਨਸਾਨ ਦੁਸ਼ਮਣ ਸੰਗਠਨਾਂ” ਤੇ “ਮਨੁੱਖ ਦੋਖੀ ਜਮਾਤਾਂ” ਦਾ ਅਸਰ ਸਮਾਜ ਦੀ ਆਖਰੀ ਪਰਤ ਤੱਕ ਹੁੰਦਾ ਹੈ। ਬਜ਼ਾਰਾਂ ਵਿਚ ਛਾਬੜੀ ਜਾਂ ਫੜੀ ਲਾ ਕੇ ਬੈਠੇ ਬੰਦੇ ਨੂੰ ਜਾਂ ਖੇਤਾਂ ਵਿਚ ਹੱਲ ਵਾਹ ਰਹੇ ਬੰਦੇ ਨੂੰ, ਕਚਹਿਰੀ ਜਾ ਕੇ ਗਵਾਹੀਆਂ ਪਾਉਣ ਤੇ ਦਿਹਾੜੀ ਪਾਉਣ ਤੁਰੇ ਲੰਬੜਦਾਰ ਨੂੰ ਅਸੀਂ ਫਿਲਾਸਫੀ ਨਹੀਂ ਸਿਖਾਅ ਸਕਦੇ!! ਓਹਨੂੰ ਤਾਂ ਸਿੱਧ ਪੱਧਰੀ ਗੱਲ ਜਲਦੀ ਸਮਝ ਆਉਣੀ ਹੁੰਦੀ ਹੈ।
ਅਖੇ, “ਬਾਪੂ ਵੱਡਾ ਨਾ ਭਾਅਜੀ, ਸਭ ਤੋਂ ਵੱਡਾ ਰੁਪਈਆ ਜੀ”। ਪਰ ਕੀ ਏਸ ਅੰਜਾਮ ਦੇ ਡਰੋਂ ਪਿੱਛੇ ਹੱਟ ਜਾਈਏ? ਹੱਦਾਂ ਨੂੰ ਬੇਹੱਦ ਕਿਓੰ ਸਮਝੀਏ? ਸਰਹੱਦਾਂ ਨੂੰ ਸਦੀਵੀ ਕਿਓੰ ਮੰਨ ਕੇ ਬਹਿ ਜਾਈਏ? ਇਨ੍ਹਾਂ ਸਵਾਲਾਂ ਬਾਰੇ ਅੱਜ ਨਹੀਂ ਤਾਂ ਕੱਲ੍ਹ ਕਲੋਤਰ ਨੂੰ ਸੋਚਣਾ ਈ ਪਏਗਾ। ਸੋਸ਼ਲ ਮੀਡੀਆ ਏਸ ਝੂਠ ਨੂੰ ਖੋਰਾ ਲਾ ਸਕਦਾ ਹੈ।

ਯਾਦਵਿੰਦਰ

ਰਾਬਤਾ : ਸਰੂਪ ਨਗਰ। ਰਾਓਵਾਲੀ।
+916284336773, 9465329617