Wed, 13 December 2023
Posted on:- 12-12-2023
ਲਿੱਪੀਅੰਤਰ: ਨਿਰਮਲਜੀਤ
(ਪ੍ਰਸਿੱਧ ਪਾਕਿਸਤਾਨੀ ਕਵੀ ਅਹਿਮਦ ਸਲੀਮ ਹੋਰਾਂ ਦਾ ਪੰਜਾਬੀ ਕਵੀ ਪਾਸ਼ ਬਾਰੇ ਲਿਖਿਆ ਇਹ ਮਜ਼ਮੂਨ ਉਹਨਾਂ ਦੀ ਪੁਸਤਕ ‘ਮੇਰਾ ਦਿਲ ਪਾਸ਼ ਪਾਸ਼’ ਵਿਚੋਂ ਲਿਆ ਗਿਆ ਹੈ। ਇਸ ਲੇਖ ਵਿਚ ਅਹਿਮਦ ਸਲੀਮ ਨੇ ਪਾਸ਼ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਹਨ ਜੋ ਪਾਸ਼ ਦੇ ਸਮਕਾਲ ਦੇ ਪਾਕਿਸਤਾਨ ਦੀ ਸਥਿਤੀ ਨੂੰ ਸਾਡੇ ਸਾਹਮਣੇ ਲਿਆਉਂਦੀਆਂ ਹਨ। ਇਹ ਲੇਖ ਪਾਕਿਸਤਾਨ ਦੇ ਸਿਆਸੀ ਹਾਲਾਤ ਨੂੰ ਸਮਝਣ ਲਈ ਬਹੁਤ ਅਹਿਮ ਤੇ ਮਹੱਤਵਪਰੂਨ ਦਸਤਾਵੇਜ਼ ਹੋ ਸਕਦਾ ਹੈ: ਨਿਰਮਲਜੀਤ)
ਪਾਸ਼! ਨਿਰਾ ਇਕ ਨਾਂ ਵੀਹਵੀਂ ਸਦੀ ਦੇ ਇਨਕਲਾਬੀ ਯੋਧੇ ਦਾ? ਇਕ ਨਿਸ਼ਾਨ ਸਮਾਜੀ ਤਬਦੀਲੀ ਦੇ ਵੱਡੇ ਯੋਧੇ ਦਾ? ਇਕ ਮੀਲ ਪੱਥਰ ਇਨਕਲਾਬ ਦੀਆਂ ਲੰਬੀਆਂ ਰਾਹਵਾਂ ਦਾ, ਆਪਣੇ ਹੀ ਸ਼ਹੀਦ ਲਹੂ ਵਿਚ ਰੰਗਿਆ? ਵੀਹਵੀਂ ਸਦੀ ਇਨਕਲਾਬੀਆਂ ਦੀ ਸਦੀ, ਸ਼ਹਾਦਤਾਂ ਦੀ ਸਦੀ, ਬਾਗ਼ੀ ਸ਼ਾਇਰਾਂ ਅਤੇ ਆਸ਼ਿਕਾਂ ਦੀ ਸਦੀ, ਲੋਰਕਾ, ਨਰੂਦਾ, ਨਾਜ਼ਮ ਹਿਕਮਤ, ਫੈਜ਼ ਦੀ ਸਦੀ। ਜਿਹਦੇ ’ਤੇ ਪਾਸ਼ ਨੇ ਆਪਣੇ ਲਹੂ ਨਾਲ ਸਦੀਵੀ ਹਯਾਤੀ ਦੀ ਮੋਹਰ ਲਗਾ ਦਿੱਤੀ। ਸ਼ਹੀਦ ਭਗਤ ਸਿੰਘ ਦੀ ਸਦੀ ਜਿਹਨੂੰ ਪਾਸ਼ ਨੇ ਆਪਣੀ ਸ਼ਹਾਦਤ ਸਦਕੇ ਸਿਰੇ ਚਾੜ੍ਹ ਦਿੱਤਾ। ਗ਼ਾਲਿਬ ਨੇ ਇਕ ਸਦੀ ਪਹਿਲਾਂ ਲਿਖਿਆ ਸੀ:
ਚਿਪਕ ਰਹਾਂ ਹੈ ਬਦਨ ਪਰ ਲਹੂ ਸੇ ਪੈਰਾਹਨ (ਲਹੂ ਨਾਲ ਭਿੱਜਾ ਲਿਬਾਸ ਪਿੰਡੇ ਨਾਲ ਚਿਪਕਦਾ ਪਿਆ)
ਕੀ ਗ਼ਾਲਿਬ ਜਾਣਦਾ ਸੀ ਕਿ ਅਗਲੀ ਹੀ ਸਦੀ ਵਿਚ ਨਰੂਦਾ ਖੂੰਟੀ ਤੇ ਟੰਗੇ ਆਪਣੇ ਲਿਬਾਸ ਦੀ ਸਿਫ਼ਤ ਵਿਚ ਇਕ ਮਹਾਨ ਕਵਿਤਾ ਲਿਖੇਗਾ ਜਿਹੜੀ ਨਰੂਦਾ ਦੀ ਆਪਣੀ ਹਯਾਤੀ ਦੀ ਤਕਦੀਰ ਬਣ ਜਾਵੇਗੀ ਤੇ ਪਾਸ਼ ਦੀ ਹਯਾਤੀ ਦੀ ਵੀ। ਇੱਕੀਵੀਂ ਸਦੀ ਦਾ ਮਨੁੱਖ ਮੰਡੀ ਦੇ ਮਾਲ ਵਾਂਗਰ ਬੇ-ਸਾਹ ਸੱਤ ਪਿਆ ਅੱਜ ਔਖੇ ਸਾਹ ਲੈਂਦਾ ਪਿਆ।
ਬਹੁਤ-ਅਭਾਗੀ ਨੇ ਉਹ ਲੋਕ ਜਿਹਨਾਂ ਲੋਰਕਾ, ਨਾਜ਼ਮ ਹਿਕਮਤ, ਨਰੂਦਾ, ਫੈਜ਼, ਸ਼ਹੀਦ ਭਗਤ ਸਿੰਘ, ਪਾਸ਼ ਤੇ ਸੁਮੀਤ ਸਿੰਘ ਨਾਲ ਬਹਿ ਕੇ ਗੱਲਾਂ ਨਹੀਂ ਕੀਤੀਆਂ। ਉਹਨਾਂ ਨੂੰ ਕਦੀ ਨਹੀਂ ਮਿਲੇ ਪਰ ਉਹਨਾਂ ਤੋਂ ਵੱਧ ਅਭਾਗੇ ਉਹ ਲੋਕ ਨੇ ਜਿਹਨਾਂ ਉਹਨਾਂ ਨੂੰ ਵੇਖਿਆ, ਉਹਨਾਂ ਨਾਲ ਔਖੇ ਪੈਡਿਆਂ ਤੇ ਟੁਰੇ ਪਰ ਅੱਜ ਉਹਨਾਂ ਦੇ ਬਗ਼ੈਰ ਔਖੇ ਸਾਹ ਲੈਂਦੇ ਪਏ।
ਪਾਸ਼ ਨੂੰ ਮੈਂ ਉਹਦਿਆਂ ਅੱਖਰਾਂ ਤੇ ਉਹਦੀਆਂ ਤਸਵੀਰਾਂ ਰਾਹੀਂ ਵੇਖਿਆ ਪਰ ਹਮੇਸ਼ਾ ਇੰਝ ਜਾਪਿਆ ਜਿਵੇਂ ਅਸੀ ਵਰ੍ਹਿਆਂ ਤੋਂ ਇਕ ਦੂਜੇ ਨੂੰ ਜਾਣਦੇ ਸਾਂ। ਪਾਸ਼ ਨਾਲ ਬਹਿ ਕੇ ਕਦੀ ਰੱਜ-ਰੱਜ ਗੱਲਾਂ ਨਾ ਹੋਈਆਂ ਪਰ ਉਹਦੇ ਬੋਲ ਸਦੀਆਂ ਦੇ ਤੇ ਲੰਮੀਆਂ ਵਾਟਾਂ ਦੇ ਪੈਂਡੇ ਚੀਰ ਕੇ ਮੇਰੇ ਤੀਕ ਅੱਪੜ ਜਾਂਦੇ ਸਨ ਤੇ ਉਹ ਜੇਲ੍ਹ ਦੀਆਂ ਕੰਧਾਂ ਨੂੰ ਵੀ ਇੰਝ ਟੱਪ ਜਾਂਦੇ ਸਨ ਜਿਵੇਂ ਸਵੇਰ ਦੀ ਸੱਜਰੀ ਹਵਾ। ਵਾਹਗੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਉਲੰਘ ਕੇ। ਪਾਸ਼ ਦੇ ਬੋਲ ਤੜਪ ਕੇ ਮੇਰੇ ਗਲ ਆ ਲੱਗਦੇ ਹੋਠਾਂ ਉੱਤੇ ਹੌਕੇ ਵਰਗਾ ਇਕ ਗਿਲ੍ਹਾ ਲੈ ਕੇ।
“ਹਿੰਦੋਸਤਾਨ ਵਿਚ ਸਾਡੇ ਦੁਸ਼ਮਣ ਤੇੇਰੇ ਦੋਸਤ ਕਿੱਦਾਂ ਬਣ ਗਏ ਯਾਰਾ!” ਤੇ ਮੈਂ ਪਾਕਿਸਤਾਨ ਦੀ ਫ਼ੌਜੀ ਜਨਤਾ ਤੇ ਹਿੰਦੋਸਤਾਨ ਦੀ ਡੈਮੋਕਰੇਸੀ ਵਿਚਲੇ ਫ਼ਰਕ ਨੂੰ ਲੱਭਦੇ-ਲੱਭਦੇ ਕਦੀ-ਕਦੀ ਝੁੰਜਲਾ ਜਾਂਦਾ।
ਯਾਰ ਪਾਸ਼! ਜੇ ਤੂੰ ਪਾਕਿਸਤਾਨ ਵਿੱਚ ਹੁੰਦਾ ਤੇ ਕੀ ਤੈਨੂੰ ਵੀ ਫੌਜੀ ਬੂਟਾਂ ਤੇ ਵਾਹਗੇ ਪਾਰ ਜਮਹੂਰੀ ਚਿਹਰਾ ਇੱਕੋ ਜਿਹਾ ਲੱਗਦੇ? ਵੀਰ, ਬਹਿ ਜਾ ਮੇਰੇ ਕੋਲ ਤੇ ਪਾਕਿਸਤਾਨ ਦੀ ਤਵਾਰੀਖ ਦੇ ਵਰਕੇ ਥਲਦੇ ਵੇਖ। ਅੱਜ ਬੰਗਾਲ ਨਾਲ ਜੋ ਬੀਤ ਰਹੀ ਏ,
ਉਹ ਬਲੋਚਾਂ, ਸਿੰਧੀਆਂ ਤੇ ਪਸ਼ਤੂਨਾਂ ਨਾਲ ਵੀ ਪੰਝੀ ਵਰ੍ਹਿਆਂ ਤੋਂ ਬੀਤ ਰਹੀ ਏ। ਸੁਣ ਯਾਰਾ! ਅੱਜ ਆਖਾਂ ਵਾਰਿਸ ਸ਼ਾਹ
ਲਿਖਣ ਵਾਲੀ ਅੰਮ੍ਰਿਤਾ ਪ੍ਰੀਤਮ ਨੂੰ ਮੈਂ ਤੇਰੀ ਦੁਸ਼ਮਣ ਕਿਵੇਂ ਮੰਨ ਲਵਾਂ?
ਤੇ ਜਿਵੇਂ ਪਾਸ਼ ਅੱਗੋਂ ਦਲੀਲ ਦੇਂਦਾ ਹੋਵੇ :
“ਅੱਜ ਆਖਾਂ ਵਾਰਿਸ ਸ਼ਾਹ ਨੂੰ ਲਿਖਣ ਵਾਲੀ 1947 ਦੇ ਘੱਲੂਘਾਰੇ ਵਿਚ ਸੱਚ ਤੇ ਹੱਕ ਦਾ ਨਿਸ਼ਾਨ ਸੀ ਪਰ ਅੱਜ ਉਹ ਇੰਦਰਾ ਗਾਂਧੀ ਦੀ ਸਹੇਲੀ ਏ। ਉਹ ਤੇਰੀ ਦੀਦੀ ਕਿਵੇਂ ਬਣ ਗਈ। ਨਾਲੇ ਯਾਰਾ! ਮੈਂ ਤੇਰੇ ਫ਼ੈਜ ਦਾ ਇਕ ਬਿਆਨ ਪੜਿਆ ਏ, ਉਹਨੇ ਇੰਦਰਾ ਗਾਂਧੀ ਨੂੰ ਫ਼ਾਫ਼ਾ-ਕੁੱਟਣੀ ਆਖਿਆ ਏ।”
ਮੈਂ ਉਲਝ ਕੇ ਆਖਦਾ
“ਪਰ ਯਾਹੀਆ ਖ਼ਾਨ ਵੀ ਤਾਂ ਇਹੋ ਗੱਲ ਆਖਦਾ ਏ, ਲੱਖਾਂ ਬੰਗਾਲੀਆਂ ਦਾ ਕਾਤਿਲ।” ਜੇਲ੍ਹ ਦੀ ਖ਼ੋਲ਼ੀ ਵਿਚ ਇਕੱਲਿਆਂ ਬਹਿ ਕੇ ਇੰਝ ਹੀ ਪਾਸ਼ ਨਾਲ ਦਿਲ ਦਲੀਲਾਂ ਚਲਦੀਆਂ ਰਹਿੰਦੀਆਂ। ਮੈਂ ਸਮਝਦਾ ਸਾਂ ਕਿ ਪਾਕਿਸਤਾਨ ਦਾ ਸਿਆਸੀ ਸੱਚ ਹਿੰਦੋਸਤਾਨ ਦੇ ਸਿਆਸੀ ਸੱਚ ਨਾਲੋਂ ਵੱਖਰਾ ਸੀ। ਅਸਾਂ ਕੁੱਲ ਯਾਰ੍ਹਾਂ ਵਰ੍ਹੇ ਬੁਰਜੂਆ ਡੈਮੋਕਰੇਸੀ ਹੰਢਾਈ ਸੀ। 1958 ਤੋਂ 1971 ਤਾਂਈ ਅਸੀਂ ਫ਼ੌਜੀ ਬੂਟਾਂ ਦੇ ਭਾਰ ਹੇਠਾਂ ਦੱਬੇ ਰਹੇ ਸਾਂ। ਇਹ ਸਿਲਸਿਲਾ ਅਗਲੇ ਚਾਲੀ ਵਰ੍ਹੇ ਇੰਝ ਹੀ ਚਲਦਾ ਰਹਿਆ ਏ। ਸੋਲ ਮਿਲਟਰੀ ਸਥਾਪਤੀ (Establishment) ਨੇ ਨਾ ਕਿਸੇ ਜਮਹੂਰੀ ਹੱਕ ਨੂੰ ਮੰਨਿਆ ਤੇ ਨਾ ਜ਼ੁਬਾਨਾਂ ਦੇ ਹੱਕ ਨੂੰ। ਸਾਡੀ ਲੜਾਈ ਦਾ ਖਲਾਰ ਨਕਸਲਬਾੜੀ ਤਹਿਰੀਕ ਤੋਂ ਢੇਰ ਉਲਝਿਆ ਹੋਇਆ ਸੀ। ਇਸਲਾਮਾਬਾਦ ਦੀਆਂ ਸੜਕਾਂ ਤੋਂ ਬੰਗਾਲ ਦੇ ਜੂਟ ਦੀ ਬੋ ਆਉਂਦੀ ਸੀ। ਸਰਕਾਰੀ ਮੀਡੀਆ ਉੱਤੇ ਟੈਗੋਰ ਨੂੰ ਛਾਪਣ ਤੇ ਗਾਉਣ ਦੀ ਬੰਦਿਸ਼ ਲਗੀ ਹੋਈ ਸੀ। 1948 ਤੋਂ ਬਲੋਚਾਂ ਉੱਤੇ ਗੋਲੀਆਂ ਤੇ ਬੰਬ ਵਰ ਰਹੇ ਸਨ । 1947 ਵਿਚ ਪਸ਼ਤੂਨਾਂ ਦੀ ਜਮਹੂਰੀ ਹਕੂਮਤ ਦਾ ਤਖ਼ਤਾ ਉਲਟ ਕੇ ਪਸ਼ਤੂਨ ਸੂਬੇ ਵਿਚ ਮੁਸਲਿਮ ਲੀਗ ਦੀ ਹਕੂਮਤ ਜ਼ਬਰਦਸਤੀ ਠੋਕ ਦਿੱਤੀ ਗਈ ਸੀ। ਸਿੰਧੀ ਲੋਕ ਆਪਣੀ ਬੋਲੀ ਤੇ ਆਪਣੀਆਂ ਜ਼ਮੀਨਾਂ ਦੇ ਹੱਕ ਲਈ ਜੂਝ ਰਹੇ ਸਨ। ਪੰਜਾਬ ਦੇ ਹਾਕਮ ਤਬਕਿਆਂ ਦਾ ਨਾਅਰਾ ਸੀ :
“ਸਾਨੂੰ ਪੰਜਾਬੀਆਂ ਨੂੰ ਸਰਹੱਦੀ ਸੂਬੇ ਦੀ ਬਿਜਲੀ, ਸਿੰਧ ਦੀਆਂ ਜ਼ਮੀਨਾਂ ਤੇ ਬਲੋਚਿਸਤਾਨ ਦੀਆਂ ਮਅਦਨੀ ਵਸਤਾਂ (Minerals) ਚਾਹੀਦੀਆਂ ਨੇ, ਚਾਰ ਸੂਬਿਆਂ ਚਾਰ ਕੌਮਾਂ ਦੀ ਗੱਲ ਕਰਨ ਵਾਲੇ ਗ਼ੱਦਾਰ ਤੇ ਪਾਕਿਸਤਾਨ ਦੇ ਦੁਸ਼ਮਣ ਨੇ। ਪੱਛਮੀ ਪਾਕਿਸਤਾਨ ਦੇ ਚਾਰ ਸੂਬਿਆਂ ਦੀ ਕੌਮੀ ਪਛਾਣ ਮਿਟਾ ਕੇ ਅਸੀਂ ਇਕ ਸੂਬਾ ਬਣਾ ਦਿੱਤਾ ਏ; ਪੱਛਮੀ ਪਾਕਿਸਤਾਨ ਦਾ ਸੂਬਾ ਜਿਹੜਾ ਪੂਰਬੀ ਪਾਕਿਸਤਾਨ ਦੇ ਜਮਹੂਰੀ ਹੱਕਾਂ ਨੂੰ, ਪਾਕਿਸਤਾਨ ਦੇ ਦੁਸ਼ਮਣਾਂ ਤੇ ਗ਼ੱਦਾਰਾਂ ਨੂੰ ਕੁਚਲ ਕੇ ਰੱਖ ਦੇਵੇਗਾ। ਪੰਜ ਬੋਲੀਆਂ ਦੀ ਗੱਲ ਪਾਕਿਸਤਾਨ ਦੇ ਦੁਸ਼ਮਣਾਂ ਤੇ ਭਾਰਤੀ ਏਜੰਟਾਂ ਦੀ ਗੱਲ ਏ।” ਉਹਨਾਂ ਬੰਗਾਲੀ ਮਾਂ-ਬੋਲੀ ਦੀ ਮੰਗ ਕਰਦੇ ਬੰਗਾਲੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਫੇਰ ਉਹਨਾਂ ਸਿੰਧੀ, ਬਲੋਚੀ, ਪੰਜਾਬੀ ਤੇ ਪਸ਼ਤੋ ਵਰਗੀਆਂ ਕੌਮੀ ਬੋਲੀਆਂ ਦਾ ਹੱਕ ਖੋਹਿਆ। ਉਹਨਾਂ ਇਕ ਬੋਲੀ, ਕੌਮੀ ਬੋਲੀ ਉਰਦੂ ਦਾ ਨਾਅਰਾ ਲਾਇਆ। ਉਰਦੂ, ਜਿਹੜੀ ਪਾਕਿਸਤਾਨ ਦੇ ਸੱਤ ਫ਼ੀਸਦੀ ਲੋਕਾਂ ਦੀ ਬੋਲੀ ਸੀ ਤੇ ਬੰਗਾਲੀ 56 ਫ਼ੀਸਦੀ ਲੋਕਾਂ ਦੀ। ਫੇਰ ਇਹ ਲੜਾਈ ਤਬਕਾਵਾਰੀ ਲੜਾਈ ਵੀ ਸੀ। ਕਿਸਾਨ, ਮਜ਼ਦੂਰ, ਕਲਰਕ, ਦੁਕਾਨਦਾਰ, ਪੋਸਟਮੈਨ, ਟਾਂਗੇਵਾਨ, ਔਰਤਾਂ ਸਾਰਿਆਂ ਦੇ ਹੱਕ ਕੁਚਲੇ ਜਾ ਰਹੇ ਸਨ। ਤਬਕਾਦਾਰੀ ਹੱਕ ਤੇ ਕੌਮੀ ਹੱਕ ਇਕ-ਮਿਕ ਹੋ ਗਏ ਸਨ। 1994 ਵਿਚ ਹੀ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ, ਟਰੇਡ ਯੂਨੀਅਨ ਫੈਡਰੇਸ਼ਨ, ਕਿਸਾਨ ਕਮੇਟੀ, ਪਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਡੈਮੋਕਰੇਟਿਕ ਵੁਮੈਨ ਐਸੋਸੀਏਸ਼ਨ, ਸੋਲ ਲਿਬਰਟੀਜ਼ ਐਸੋਸੀਏਸ਼ਨ ਤੇ ਡੈਮੋਕਰੇਟਿਕ ਸਟੂਡੈਂਟਸ ਫੈਡਰੇਸ਼ਨ ਸਭਨਾਂ ਉੱਤੇ ਬੰਦਿਸ਼ ਲੱਗ ਗਈ ਸੀ ਪਰ ਇਹ ਤਨਜ਼ੀਮਾਂ ਅੰਡਰ ਗਰਾਊਂਡ ਰਹਿ ਕੇ ਜਾਂ ਦੂਜੇ ਨਾਂਵਾਂ ਤੋਂ ਜੱਦੋ-ਜਹਿਦ ਕਰ ਰਹੀਆਂ ਸਨ ਤੇ ਇਹਨਾਂ ਉੱਤੇ ਭਾਰਤੀ ਰੂਸੀ ਏਜੰਟ ਹੋਣ ਦਾ ਦੋਸ਼ ਲਾਇਆ ਜਾਂਦਾ ਸੀ। ਜੇਲ੍ਹ ਦੀ ਤੰਗ ਖ਼ੋਲ਼ੀ ਵਿਚ ’ਕੱਲਿਆਂ ਬਹਿ ਕੇ ਮਨ ਹੀ ਮਨ ਵਿਚ ਪਾਸ਼ ਨਾਲ ਬਹਿਸ ਕਰਨਾ ਮੈਨੂੰ ਚੰਗਾ ਲੱਗਦਾ ਸੀ। ਪਾਕਿਸਤਾਨ ਦੀ ਲੋਕ ਲੜਾਈ ਦਾ ਪਸਾਰ ਏਨਾਂ ਵੱਡਾ, ਏਨਾਂ ਉਲਝਿਆ ਹੋਇਆ ਸੀ, ਉਹਨੇ ਪਹਿਲਾਂ ਕਦੀ ਨਹੀਂ ਸੀ ਸੋਚਿਆ।
(2)
ਪਰ ਬਿਆਨ ਕੁਝ ਭਾਵੁਕ ਕੁਝ ਜ਼ਜ਼ਬਾਤੀ ਜਿਹਾ ਲੱਗਦਾ ਏ, ਇਨਕਲਾਬੀ ਸਾਂਝ ਦੇ ਰੁਮਾਂਸ ਨਾਲ ਭਰਿਆ ਹੋਇਆ। ਪਰ ਇਹ ਨਿਰਾ ਜ਼ਜ਼ਬਾਤੀ ਬਿਆਨ ਨਹੀਂ ਏ। ਮੇਰੇ ਤੇ ਪਾਸ਼ ਦੇ ਸੰਬੰਧਾਂ ਬਾਰੇ ਹਿੰਦੋਸਤਾਨ ਤੇ ਯੂਰਪ, ਅਮਰੀਕਾ ਦੇ ਸਾਥੀਆਂ ਵਿਚ ਇਕ ਮਿੱਥ ਜਿਹੀ ਚਲ ਰਹੀ ਹੈ। ਉਹ ਮਿੱਥ ਘੜੀ-ਮੁੜੀ ਇਸ ਤਰ੍ਹਾਂ ਬਿਆਨ ਕੀਤੀ ਗਈ ਏ ਕਿ ਇਕ ਮੰਨਿਆ-ਪ੍ਰਮੰਨਿਆ ਸੱਚ ਬਣ ਗਈ ਏ। ਮੈਨੂੰ ਯਕੀਨ ਏ ਜੇ ਅੱਜ ਪਾਸ਼ ਇਹ ਸਭ ਕੁਝ ਪੜ੍ਹ ਲਵੇ ਤੇ ਉਹਨੂੰ ਵੀ ਹਾਸਾ ਆ ਜਾਵੇ। ਇਹਦੇ ਚੋਂ ਜੋ ਕੁਝ ਨਿਕਲ ਕੇ ਸਾਹਮਣੇ ਆਉਂਦਾ ਏ, ਉਹ ਕੁਝ ਇਸ ਤਰ੍ਹਾਂ ਏ ।
1. ਪਾਸ਼ ਨੇ ਅਹਿਮਦ ਸਲੀਮ ਦੇ ਨਾਂ ਇਕ ਕਵਿਤਾ ਲਿਖੀ। ਇਸ ਲਈ ਪਾਸ਼ ਵਾਂਗਰ ਅਹਿਮਦ ਸਲੀਮ ਵੀ ਸਾਨੂੰ ਪਿਆਰਾ ਏ। ਇਹ ਉਹ ਲੋਕ ਨੇ ਜਿਹਨਾਂ ਜਾਂ ਪਾਸ਼ ਦੀ ਨਜ਼ਮ ਨਹੀਂ ਪੜ੍ਹੀ ਜਾਂ ਉਸ ਸਮੇਂ ਦੀਆਂ ਮੇਰੀਆਂ ਨਜ਼ਮਾਂ ਨਹੀਂ ਪੜ੍ਹੀਆਂ। ਬਸ ਸੁਣੀ ਸੁਣਾਈ ’ਤੇ ਮੇਰੀ ਵੀ ਮਾਨਤਾ ਹੋਣ ਲੱਗ ਪਈ।
2. ਕੁਝ ਦੂਜੀ ਤਰ੍ਹਾਂ ਦੇ ਲੋਕ ਪਾਸ਼ ਦੀ ਨਜ਼ਮ ਨੂੰ ਅਹਿਮਦ ਸਲੀਮ ਦੇ ਖ਼ਿਲਾਫ ਇਕ ਚਾਰਜਸ਼ੀਟ ਵਜੋਂ ਪੇਸ਼ ਕਰਦੇ ਨੇ ਤੇ ਮੈਨੂੰ
ਸਲਾਹੁੰਦੇ ਨੇ ਕਿ ਮੈਂ ਬਹਾਦਰੀ ਨਾਲ ਨਾ ਸਿਰਫ਼ ਆਪਣਾ ਜ਼ੁਰਮ ਮੰਨਿਆ ਸਗੋਂ ਉਹਦਾ ਹੁੰਗਾਰਾ ਭਰਦੇ ਹੋਏ ਨਜ਼ਮ, “ਜੰਗੀ ਕੈਦੀਆਂ ਦਾ ਢੋਲਾ” ਲਿਖੀ ਤੇ ਇੰਝ ਆਪਣੇ ਨਾਂ ਪਾਸ਼ ਦੀ ਕਵਿਤਾ ਨੂੰ ਢੁੱਕਵੀਂ ਦਾਦ ਦਿੱਤੀ। ਇਸ ਸੰਬੰਧ ਵਿਚ ਜਸਪਾਲ ਜੱਸੀ ਬੜੀ ਅਪਣੱਤ ਤੇ ਪਿਆਰ ਨਾਲ ਲਿਖਦੇ ਨੇ, “ਪਾਸ਼ ਨੇ ਆਪਣੀ ਕਵਿਤਾ ਵਿਚ ਅਹਿਮਦ ਸਲੀਮ ਨੂੰ ‘ਰਿਸ਼ਤੇ ਦੇ ਵੀਰ’ ਕਹਿ ਕੇ ਸੰਬੋਧਨ ਕੀਤਾ ਸੀ। ਇਸ ਕਵਿਤਾ ਵਿਚ ਨਿਹੋਰੇ ਤੇ ਉਲਾਂਭੇ ਸਨ। ਇਹ ਨਿਹੋਰੇ ਤੇ ਉਲਾਂਭੇ ਇਸ ਕਰਕੇ ਨਹੀਂ ਸਨ ਕਿ ਅਹਿਮਦ ਸਲੀਮ ਭਾਰਤ ਦੀ ਧਰਤੀ ਤੇ ਹੋ ਰਹੇ ਅੱਤਿਆਚਾਰ ਬਾਰੇ ਕੋਈ ਟਿੱਪਣੀ ਕਿਉਂ ਨਹੀਂ ਕਰਦੇ? ਇਹ ਉਲਾਂਭਾ ਤਾਂ ਉਸਨੇ ਭਾਰਤੀ ਸ਼ਾਇਰਾਂ ਨੂੰ ਦਿਤਾ ਸੀ। ਅਹਿਮਦ ਸਲੀਮ ਨੂੰ ਤਾਂ ਪਾਸ਼ ਦਾ ਸਿੱਧਾ ਸਵਾਲ ਇਹ ਸੀ ਕਿ ਪਾਕਿਸਤਾਨੀ ਜੰਗੀ ਕੈਦੀਆਂ ਦੀ ਮਨੁੱਖੀ ਤ੍ਰਾਸਦੀ ਉਹਨਾਂ ਦੇ ਸੰਵੇਦਨਸ਼ੀਲ ਮਨ ਨੂੰ ਕਿਉਂ ਨਹੀਂ ਛੇੜਦੀ:
ਹਰ ਦੂਏ ਤੀਏ ਦਿਨ ਫੁੰਕਾਰਦਾ ਹੈ ਰੇਡੀਉ
ਨੱਠਦੇ ਹੋਏ ਢਿੱਡ ਕੁਝ ਟਕਰਾਏ ਸੰਗੀਨਾਂ ਦੇ ਨਾਲ
ਕਿਉਂ ਤੇਰੀ ਤਰਸਾਂ ਭਰੀ ਕਾਨੀ ਕਦੇ ਰੋਈ ਨਹੀਂ
ਕਿਉਂ ਤੇਰੇ ਖ਼ਿਆਲਾਂ ‘ਚ’ ਨਹੀਂ ਆਉਂਦੇ ਭੂਚਾਲ।
ਇਥੇ ਸ਼ਬਦ ਢਿੱਡ ਦੀ ਬਹੁਤ ਅਸਰਦਾਰ ਅਤੇ ਖ਼ੂਬਸੂਰਤ ਵਰਤੋਂ ਹੋਈ ਹੈ। ਨੱਸਣ ਅਤੇ ਮਰਨ ਵਾਲੇ ਆਦਮੀ ਨਹੀਂ ਹਨ। ਨਿਰੇ ਢਿੱਡ ਹਨ। ਬੰਦੇ ਦੀ ਹੋਂਦ ਢਿੱਡ ਤੱਕ ਸੁੰਗੜ ਗਈ ਹੈ। ਭਾਵਨਾਵਾਂ ਦੀ ਅਜਿਹੀ ਬੁਲੰਦੀ ਕਰਕੇ ਪਾਸ਼ ਦੀ ਕਵਿਤਾ ਹੈਰਾਨਕੁੰਨ ਢੰਗ ਨਾਲ ਆਪਣੇ ਮਕਸਦ ਵਿਚ ਸਫ਼ਲ ਹੋਈ ਸੀ। ਐਥੋਂ ਤਾਈਂ ਤਾਂ ਸਾਰੀ ਗੱਲ ਠੀਕ ਐ। ਜਿਹੜੀ ਗੱਲ ਸੱਚੀ-ਮੁੱਚੀ ਭੁਲੇਖਾ ਪਾਉਂਦੀ ਏ, ਉਹਦਾ ਬਿਆਨ ਜੱਸੀ ਜੀ ਅੱਗੇ ਚੱਲ ਕੇ ਕਰਦੇ ਨੇ:
ਇਸ ਕਵਿਤਾ ਤੋਂ ਬਾਅਦ ਅਹਿਮਦ ਸਲੀਮ ਵੱਲੋਂ, ‘ਜੰਗੀ ਕੈਦੀਆਂ ਦਾ ਢੋਲਾ’ ਸਿਰਲੇਖ ਹੇਠ ਕਵਿਤਾ ਲਿਖੀ ਗਈ। ਇਹ ਢੋਲਾ ਪਾਕਿਸਤਾਨੀ ਜੰਗੀ ਕੈਦੀਆਂ ਦਾ ਦੁੱਖ ਬਿਆਨਦਾ ਸੀ। ਖੁੱਲ੍ਹ ਕੇ ਕਹਿੰਦਾ ਸੀ ਕਿ ਆਲ ਇੰਡੀਆ ਰੇਡੀਉ ਰੋਜ਼ ਝੂਠ ਬੋਲਦਾ ਏ। ਪੂਰਬੀ ਪੰਜਾਬ ‘ਚ ਇਹ ਕਵਿਤਾ ‘ਆਰਸੀ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਈ। ਸਿਰਲੇਖ ਦੇ ਐਨ ਥੱਲੇ ਬਰੈਕਟ ਵਿਚ ਅਹਿਮਦ ਸਲੀਮ ਨੇ ਲਿਖਿਆ ਸੀ ‘ਪੂਰਬੀ ਪੰਜਾਬ ਦੇ ਨੌਜਵਾਨ ਸ਼ਾਇਰ ਪਾਸ਼ ਦੇ ਨਜ਼ਰ’।
ਇਸ ਤਰ੍ਹਾਂ ਜੱਸੀ ਜੀ ਜ਼ਾਇਜ਼ ਤੌਰ ਤੇ ਇਹ ਸਿੱਟਾ ਕੱਢਦੇ ਨੇ ਕਿ ਇੰਝ ਅਹਿਮਦ ਸਲੀਮ ਦੇ ਨਾਂ ਪਾਸ਼ ਦੀ ਕਵਿਤਾ ਨੂੰ ਸਭ ਤੋਂ ਵੱਡੀ ਦਾਦ ਖ਼ੁਦ ਅਹਿਮਦ ਸਲੀਮ ਕੋਲੋਂ ਹਾਸਿਲ ਹੋਈ। ਜਸਪਾਲ ਜੱਸੀ ਦੇ ਲੇਖ ਦਾ ਨਾਂ ਵੀ ਬੜਾ ਢੁੱਕਵਾ ਸੀ : ‘ਪਾਸ਼ ਦੀ ਕਵਿਤਾ ਨੂੰ ਅਹਿਮਦ ਸਲੀਮ ਦਾ ਹੁੰਗਾਰਾ’
(ਸਾਹਿਤ ਦਾ ਸਾਗਰ ਪਾਸ਼, ਸੰਪਾਦਕ ਸੋਹਨ ਸਿੰਘ ਸੰਧੂ, ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਯੁਨੈਨ ਸਿਟੀ ਕੈਲੇਫੋਰਨੀਆ ਸਫ਼ਾ 319-320)
ਜੇ ਇੰਝ ਹੋਇਆ ਹੁੰਦਾ, ਤਦ ਵੀ ਮੇਰੀ ਇਹਨਾਂ ਲਈ ਏਨੀ ਨੇੜਤਾ ਸੀ ਕਿ ਆਪਣੇ ਮਨ ਨਾਲ ਉਹਦੀ ਨਜ਼ਮ ਦੇ ਲਿਖੇ ਜਾਣ ਤੋਂ ਪਹਿਲਾਂ ਹੀ ਉਹ ਦੀ ਗੱਲ ਦਾ ਹੁੰਗਾਰਾ ਭਰ ਦਿੱਤਾ ਸੀ। ਮੈਂ ਜੱਸੀ ਹੋਰਾਂ ਦੇ ਲੇਖ ਤੋਂ ਉਪਰ ਜਿਹੜੇ ਦੋ ਨੁਕਤਿਆ ਦੀ ਗੱਲ ਛੋਹੀ ਹੈ, ਉਹਨਾਂ ਬਾਰੇ ਕੁਝ ਹੋਰ ਆਖਣਾ ਚਾਹਾਂਗਾ। ਜਿੱਥੋਂ ਤੀਕ ਪਹਿਲੀ ਗੱਲ ਦਾ ਸੰਬੰਧ ਹੈ, ਇਹ ਪਿਆਰ ਮੇਰੇ ਲਈ ਮਾਣਯੋਗ ਹੈ। ਪਾਸ਼ ਨਾਲ ਜੁੜਨਾ ਤੇ ਸਲਾਹਿਆ ਜਾਣਾ ਵੱਡੇ ਮਾਣ ਦੀ ਗੱਲ ਏ। ਮੈਂ ਪਿਆਰ ਕਰਨ ਵਾਲੇ ਸੱਜਣਾਂ ਤੇ ਦੋਸਤਾਂ, ਖ਼ਾਸ ਕਰ, ਜੱਸੀ ਹੋਰਾਂ ਦਾ ਦੇਣਦਾਰ ਹਾਂ, ਪਰ ਇਕ ਲਿਖਾਰੀ ਹੋਣ ਦੇ ਨਾਤੇ ਮਾਨਤਾ ਤੁਹਾਡੇ ਕੰਮ ਵਜੋਂ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਮਹਾਨ ਹਸਤੀ ਨਾਲ ਜੁੜਨ ਪਾਰੋਂ। ਇਸ ਲਈ ਮੈਨੂੰ ਓਨੀ ਹੀ ਮਾਨਤਾ ਚੰਗੀ ਲੱਗਦੀ ਹੈ ਜਿੰਨੀ ਮੇਰੇ ਕੰਮ ਤੋਂ ਨਿਕਲੀ ਹੋਵੇ।
ਹੁਣ ਦੂਜੀ ਗੱਲ ... ਇਸ ਬਾਰੇ ਕੁਝ ਦਸਤਾਵੇਜ਼ੀ ਹਕੀਕਤਾਂ ਨੇ :
1. ਪਾਸ਼ ਪਹਿਲੀ ਵਾਰੀ ਮਈ 1970 ਵਿਚ ਫੜਿਆ ਗਿਆ ਤੇ ਸਤੰਬਰ 1971 ਵਿਚ ਰਿਹਾ ਹੋਇਆ। ਇਹ ਕਤਲ ਦਾ ਇਕ ਛੋਟਾ ਮੁਕੱਦਮਾ ਸੀ ਪਰ ਅਸਲ ਕਾਰਨ ਨਕਸਲਾਈਟ ਮੂਵਮੈਂਟ ਨਾਲ ਉਹਦੀ ਜੁੜਤ ਤੇ ਇਨਕਲਾਬੀ ਕੰਮ ਸੀ।
2. ਬੰਗਲਾਦੇਸ਼ ਦੇ ਹੱਕ ਵਿਚ ਨਜ਼ਮ ਲਿਖਣ ਦੇ ਦੋਸ਼ ਵਿਚ ਮੈਂ ਅਪ੍ਰੈਲ 1971 ਫੜਿਆ ਗਿਆ ਤੇ ਜਨਵਰੀ 1972 ਵਿਚ ਰਿਹਾ ਹੋਇਆ। ਭੁੱਟੋ ਦੀ ਸੋਲ ਮਾਰਸ਼ਲ ਲਾਅ ਹਕੂਮਤ ਮਗਰੋਂ ਸਾਡੀ ਪਾਰਟੀ ਨੇ ਵੀ ਦੋ ਸੂਬਿਆਂ ਬਲੋਚਿਸਤਾਨ ਤੇ ਸਰਹੱਦ ਵਿਚ ਆਪਣੀਆਂ ਪਰੋਵੈਂਸ਼ੀਅਲ ਸਰਕਾਰਾਂ ਬਣਾਈਆਂ। ਮੇਰੀ ਪਾਰਟੀ ਨੇ ਮੈਨੂੰ ਆਰਾਮ ਕਰਨ ਲਈ ਕੋਇਟਾ ਘੱਲ ਦਿੱਤਾ। ਉੱਥੇ ਮੈਂ ਇੰਮਫਾਰਮੇਸ਼ਨ ਤੇ ਕਲਚਰ ਦੀਆਂ ਵਜ਼ਾਰਤਾਂ ਲਈ ਕੰਮ ਕਰਦਾ ਰਿਹਾ। ਉੱਥੇ ਹੀ ਮਾਰਚ 1972 ਵਿਚ ਮੈਂ ਆਪਣੀ ਨਜ਼ਮ, “ਜੰਗੀ ਕੈਦੀਆਂ ਦਾ ਢੋਲਾ” ਲਿਖੀ। ਇਹ ਉਹ ਨਜ਼ਮ ਏ ਜਿਹਨੂੰ ਪਾਸ਼ ਦੀ ਮੇਰੇ ਨਾਂ ਲਿਖੀ ਨਜ਼ਮ ਦਾ ਜਵਾਬ ਜਾਂ ਹੁੰਗਾਰਾ ਆਖਿਆ ਜਾਂਦਾ ਹੈ। ਇਹ ਨਜ਼ਮ ਮੈਂ ਯੂ.ਕੇ. ਮੁਸ਼ਤਾਕ ਸਿੰਘ ਹੋਰਾਂ ਨੂੰ ਘੱਲ ਦਿੱਤੀ ਜਿਹੜੀ ਉਹਨਾਂ ਆਰਸੀ ਵਿਚ ਛਪਣ ਲਈ ਭੇਜ ਦਿੱਤੀ। ਇਹ ਨਜ਼ਮ ਮੈਂ ਪਾਸ਼ ਨੂੰ ਭੇਂਟ ਕੀਤੀ ਸੀ ਕਿਉਂਕਿ ਉਦੋਂ ਤਾਈਂ ਉਹ ਮੇਰਾ ਮਹਿਬੂਬ ਸ਼ਾਇਰ ਬਣ ਚੁੱਕਾ ਸੀ। ਆਰਸੀ ਦੀਆਂ ਫਾਇਲਾਂ ਫਰੋਲੀਆਂ ਜਾਣ ਤਾਂ ਇਹ ਨਜ਼ਮ 1972 ਦੇ ਅਖੀਰ ਜਾਂ 1973 ਦੇ ਮੁੱਢ ਵਿਚ ਛਪੀ ਲੱਭ ਜਾਵੇਗੀ।
3. 1972 ਵਿਚ ਹੀ ਮੋਗਾ ਦੁਖਾਂਤ ਪਾਰੋਂ ਪਾਸ਼ ਫੇਰ ਫੜਿਆ ਗਿਆ। ਉਹ ਦੀ ਗ੍ਰਿਫ਼ਤਾਰੀ ਜਾਂ ਰਿਹਾਈ ਦੀਆਂ ਇੰਨ-ਬਿੰਨ ਤਾਰੀਖਾਂ ਨਹੀਂ ਲੱਭਦੀਆਂ ਪਰ ਮੇਰਾ ਅੰਦਾਜ਼ਾ ਏ ਕਿ ਉਹ 1973 ਦੇ ਪਹਿਲੇ ਅੱਧ ਵਿਚ ਰਿਹਾ ਹੋਇਆ ਹੋਵੇਗਾ ਤੇ ਇਸ ਦੂਜੀ ਕੈਦ ਦੌਰਾਨ ਉਹਨੇ ਮੇਰੇ ਨਾਂ ਨਜ਼ਮ ਲਿਖੀ ਹੋਵੇਗੀ। ਯੂ.ਕੇ. ਦੇ ਸਾਥੀ ਮੁਸ਼ਤਾਕ ਸਿੰਘ ਦੇ ਨਾਮ 10 ਜੂਨ 1973 ਦੀ ਆਪਣੀ ਚਿੱਠੀ ਵਿਚ ਪਾਸ਼ ਲਿਖਦਾ ਏ:
“ਖ਼ਿਮਾ ਕਰਨਾ, ਗ੍ਰਿਫ਼ਤਾਰੀਆਂ ਦਾ ਦੌਰ ਕੁਝ ਐਸਾ ਚੱਲਿਆ ਕਿ ਬਹੁਤ ਸਾਰੇ ਤਾਲਮੇਲ ਟੁੱਟ ਗਏ। ਹੁਣ ਮੈਂ ਆਜ਼ਾਦ ਹਾਂ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਪੱਤਰ ਲਿਖਣ ਦਾ ਕੰਮ ਹੀ ਹੈ, ਜੋ ਕਰ ਰਿਹਾ ਹਾਂ” ਇਸੇ ਚਿੱਠੀ ਦੇ ਅਖੀਰ ਵਿਚ ਉਹ ਮੁਸ਼ਤਾਕ ਸਿੰਘ ਨੂੰ ਲਿਖਦਾ ਏ:
“ਹਾਂ ਇਕ ਜਰੂਰੀ ਕੰਮ ਹੈ, ਤੁਹਾਡੇ ਤਾਈਂ ਐਤਕੀਂ ਦੇ ਪਰਚੇ ਵਿਚ ਜੰਗੀ ਕੈਦੀਆਂ ਦੇ ਮਾਮਲੇ ਨੂੰ ਲੈ ਕੇ ਅਹਿਮਦ ਸਲੀਮ ਨੂੰ ਸੰਬੋਧਨ ਕੀਤੀ ਮੇਰੀ ਇਕ ਕਵਿਤਾ ਆ ਰਹੀ ਹੈ। ਉਹ ਤੁਸੀ ਵਲਾਇਤ ‘ਚੋਂ’ ਪਾਕਿਸਤਾਨ ਭੇਜਣ ਦਾ ਪ੍ਰਬੰਧ ਕਰਸਕੋ ਤਾਂ.... ਮੈਂ ਇਹ ਕਵਿਤਾ ਅਹਿਮਦ ਸਲੀਮ ਨੂੰ ਪੜ੍ਹਾਉਣੀ ਚਾਹੁੰਦਾ ਹਾਂ, ਕੁਝ ਹੋ ਸਕੇਗਾ ? ਐਸ ਵਾਰ ਮੈਂ ਤਹਾਨੂੰ ਦੋ ਪਰਚੇ ਭੇਜ ਦਿਆਗਾਂ”।
ਇਹ ਨਜ਼ਮ ‘ਸਿਆੜ’ ਵਿਚ ਛਪ ਤਾਂ ਗਈ ਪਰ ‘ਸਿਆੜ’ ਮੈਨੂੰ ਕਦੀ ਨਾ ਮਿਲਿਆ। ਇਹ ਨਜ਼ਮ ਕਿਸੇ ਹੋਰ ਸੱਜਣ ਦੀ ਚਿੱਠੀ ਵਿਚ ਮੁਸਤਾਕ ਸਿੰਘ ਦੀ ਮਾਰਫ਼ਤ ਹੀ ਮੇਰੇ ਤੀਕ ਅੱਪੜੀ ਸੀ। ਇਸ ਨਜ਼ਮ ਵਿਚ ਪਾਸ਼ ਨੇ ਜਿਹੜੀ ਪੁਜ਼ੀਸ਼ਨ ਲਈ ਸੀ, ਉਸ ਤੋਂ ਜਾਪਿਆ ਉਹਨੇ ਮੇਰੀ ਚਾਰ-ਪੰਜ ਵਰ੍ਹਿਆਂ ਦੀ ਸ਼ਾਇਰੀ ਉਂਝ ਹੀ ਨਹੀਂ ਪੜੀ। ਜਿਹਦੇ ਵਿਚ ਮੇਰੀ ਨਜ਼ਮ ‘ਜੰਗੀ ਕੈਦੀਆਂ ਦਾ ਢੋਲਾ’ ਵੀ ਸੀ । ਇਸ ਨਜ਼ਮ ਬਾਰੇ ਅੱਗੇ ਚੱਲ ਕੇ ਗੱਲ ਕਰਾਂਗਾਂ, ਨਾਲ ਹੀ ਉਹਦੀ ਨਜ਼ਮ ਦਾ ਵੇਰਵਾ ਵੀ । ਹਾਲ ਦੀ ਘੜੀ ਏਨਾ ਹੀ ਆਖ ਸਕਦਾ ਹਾਂ ਕਿ ਪਾਸ਼ ਨੂੰ ਮੈਂ ਉਹਦੀ ਨਜ਼ਮ ਲਈ ਸ਼ੁਕਰੀਏ ਦਾ ਖ਼ਤ ਲਿਖਿਆ, ਜਿਸਦਾ ਮੈਨੂੰ ਕਦੀ ਜੁਆਬ ਨਹੀਂ ਹੋਇਆ।
(3)
1970 ਵਿਚ ਸਾਡੇ ਦੋਹਾਂ ਦੇਸ਼ਾਂ ਵਿਚ ਸਿਆਸੀ ਉਥਲ-ਪੁਥਲ ਜ਼ੋਰਾਂ ਤੇ ਚੱਲ ਰਹੀ ਸੀ। ਪਾਸ਼ ਦਾ ਨਾਂ ਮੈਂ ਪਹਿਲੀ ਵਾਰੀ 1970 ਵਿਚ ਹੀ ਸੁਣਿਆ। ਹਿੰਦੋਸਤਾਨ ਵਿਚ ਮੇਰਾ ਰਾਬਤਾ ਅੰਮ੍ਰਿਤਾ ਪ੍ਰੀਤਮ, ਬਲਰਾਜ ਸਾਹਨੀ, ਸੁਖਬੀਰ, ਨਵਤੇਜ ਸਿੰਘ, ਪ੍ਰੀਤਮ ਸਿੰਘ ਆਰਸੀ ਵਾਲੇ, ਹਰਭਜਨ ਸਿੰਘ ਹੁੰਦਲ, ਰਸ਼ਮ ਤੇ ਕਿੰਨੇ ਹੀ ਬਜ਼ੁਰਗ ਤੇ ਨਵੇਂ ਲਿਖਾਰੀਆਂ ਨਾਲ ਸੀ।
ਮੇਰੀ ਇਕ ਨਜ਼ਮ ‘ਮਿਆਣਾ ਗੋਂਦਲ ਦਾ ਢੋਲਾ’ ਜਿਹੜੀ 1947 ਦੀ ਵੰਡ ਬਾਰੇ ਸੀ, ਓਧਰ ਅੱਪੜੀ ਸੀ ਤੇ ਮੈਨੂੰ ਇਸ ਬਾਰੇ ਕਈ ਚਿੱਠੀਆਂ ਆਈਆਂ ਸਨ। ਇਸ ਤੋਂ ਪਹਿਲਾ ‘ਆਰਸੀ’ ਵਿਚ ਮੇਰੀ ਇਕ ਹੋਰ ਕਵਿਤਾ “ਅੰਮ੍ਰਿਤਾ ਪ੍ਰੀਤਮ ਨੂੰ” ਛਪ ਚੁੱਕੀ ਸੀ। ਏਸੇ ਸਾਲ ਹਿੰਦੋਸਤਾਨ ਤੋਂ ਸਿੱਖ ਯਾਤਰੀਆਂ ਦਾ ਇਕ ਜੱਥਾ ਲਾਹੌਰ ਆਇਆ। ਜਿਹਨਾਂ ਵਿਚ ਹੁੰਦਲ ਜੀ ਵੀ ਸਨ। ਉਹ ਮੇਰੇ ਲਈ ਕਿਤਾਬਾਂ ਦੀ ਬੋਰੀ ਭਰ ਕੇ ਲਿਆਏ ਸਨ। ਉਹਨਾਂ ਕੋਲੋਂ ਹੀ ਨਕਲਸਵਾੜੀ ਤਹਿਰੀਕ, ਪੰਜਾਬ ਵਿਚ ਉਹਦੇ ਅਸਰ ਤੇ ਪਾਸ਼ ਦੀ ਗ੍ਰਿਫ਼ਤਾਰੀ ਦਾ ਪਤਾ ਚੱਲਿਆ। ਉਹਨੂੰ ਕਤਲ ਦੇ ਇਕ ਛੋਟੇ ਮੁਕੱਦਮੇ ਵਿਚ ਫਸਾਇਆ ਗਿਆ ਸੀ। ਅਸੀਂ ਪਾਕਿਸਤਾਨ ਵਿਚ ਪਹਿਲੀਆਂ ਆਮ ਚੋਣਾਂ ਦੀ ਤਿਆਰੀ ਕਰ ਰਹੇ ਸਾਂ। ਫ਼ੌਜੀ ਡਿਕਟੇਟਰ ਯਾਹੀਆ ਖ਼ਾਨ ਦੇ ਸਿਆਸੀ ਦਬਾਅ ਪਾਰੋਂ ਪੱਛਮੀ ਪਾਕਿਸਤਾਨ ਦਾ ਸੂਬਾ ਤੋੜ ਕੇ ਪੰਜਾਬ, ਸਿੰਧ ਤੇ ਸਰਹੱਦ (ਅਜੋਕਾ ਖ਼ੈਬਰ ਪਖ਼ਤੂਨਵਾ) ਦੇ ਸੂਬੇ ਬਹਾਲ ਕਰ ਦਿੱਤੇ ਗਏ ਸਨ ਤੇ ਬਲੋਚੀ ਇਲਾਕਿਆਂ ਦਾ ਇਕ ਨਵਾਂ ਸੂਬਾ ਬਲੋਚਿਸਤਾਨ ਬਣਾ ਦਿੱਤਾ ਸੀ। ਉਹਨੀਂ ਦਿਨੀਂ ਮੈਂ ਕਮਿਊਨਿਸਟ ਪਾਰਟੀ ਦੇ ਸਿਆਸੀ ਫਰੰਟ ‘ਨੈਸ਼ਨਲ ਅਵਾਮੀ ਪਾਰਟੀ’ ਵਿਚ ਕੰਮ ਕਰ ਰਿਹਾ ਸਾਂ। 1970 ਦੀਆਂ ਚੋਣਾਂ ਵਿਚ ਸ਼ੇਖ਼ ਮੁਜ਼ੀਬ ਭਾਰੀ ਬਹੁਮਤ ਨਾਲ ਜਿੱਤ ਗਏ। ਸਿੰਧ ਤੇ ਪੰਜਾਬ ਵਿਚ ਪੀਪਲਜ਼ ਪਾਰਟੀ ਜਿੱਤੀ ਤੇ ਅਵਾਮੀ ਲੀਗ ਮਗਰੋਂ ਦੂਜੀ ਵੱਡੀ ਪਾਰਟੀ ਬਣ ਕੇ ਉੱਭਰੀ। ਸਰਹੱਦੀ ਸੂਬੇ (ਖ਼ੈਬਰ ਪਖ਼ਤੂਨਵਾ) ਤੇ ਬਲੋਚਿਸਤਾਨ ਵਿਚ ਸਾਡੀ ਪਾਰਟੀ ਜਿੱਤ ਗਈ। ਪਾਰਲੀਮਾਨੀ ਜਮਹੂਰੀਅਤ ਦੇ ਅਸੂਲ ਮੂਜਬ ਅਵਾਮੀ ਲੀਗ ਦੀ ਹਕੂਮਤ ਬਣਨੀ ਸੀ ਤੇ ਸ਼ੇਖ਼ ਮੁਜ਼ੀਬ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ (ਪ੍ਰਧਾਨ ਮੰਤਰੀ) ਹੋਣੇ ਸਨ ਪਰ ਯਾਹੀਆ ਖ਼ਾਨ ਤੇ ਪੀਪਲਜ਼ ਪਾਰਟੀ ਦੇ ਜੋੜ-ਤੋੜ ਪਾਰੋਂ ਜਮਹੂਰੀ ਅਸੂਲਾਂ ਨੂੰ ਨਾ ਮੰਨਿਆ ਗਿਆ। 1971 ਆ ਗਿਆ। ਮਾਰਚ ਵਿਚ ਬੰਗਾਲ ਦੀ ਧਰਤੀ ਲਹੂ ਵਿਚ ਡੁੱਬ ਗਈ। ਉਦੋਂ ਮੇਰੀ ਨਜ਼ਮ ‘ਸਦਾ ਜੀਵੇ ਬੰਗਲਾਦੇਸ਼’ ਛਪੀ ਤੇ ਮਈ ਵਿਚ ਮੈਨੂੰ ਫੜ ਲਿਆ ਗਿਆ। ਹੁਣ ਵਾਹਗਿਓਂ ਪਾਰ ਪਾਸ਼ ਜੇਲ੍ਹ ਵਿਚ ਸੀ ਤੇ ਲੋਕਾਈ ਦੇ ਹੱਕਾਂ ਲਈ ਜੂਝ ਰਿਹਾ ਸੀ। ਉਹਦੀਆਂ ਖ਼ਬਰਾਂ ਪਹਿਲਾਂ ਹੀ ਘੱਟ ਵੱਧ ਮਿਲਦੀਆਂ ਸਨ। ਮੇਰੇ ਜੇਲ ਜਾਣ ਨਾਲ ਰਾਬਤੇ ਉੱਕਾ ਹੀ ਟੁੱਟ ਗਏ। 1971 ਦਾ ਅਖ਼ੀਰ ਸੀ, ਜਦੋਂ ਮੈਨੂੰ ਪਾਸ਼ ਦੀ ਰਿਹਾਈ ਦਾ ਪਤਾ ਚੱਲਿਆ। ਸਾਡਾ ਆਪੇ ਵਿਚ ਕੋਈ ਸਿੱਧਾ ਰਾਬਤਾ ਨਹੀਂ ਸੀ। ਮੈਨੂੰ ਕੈਦ ਤੇ ਕੋੜਿਆਂ ਦੀ ਸਜ਼ਾ ਹੋਈ ਸੀ। ਕੈਦ ਪੂਰੀ ਕਰਨ ਤੋਂ ਪਹਿਲਾਂ ਹੀ ਬੰਗਲਾਦੇਸ਼ ਬਣ ਗਿਆ। ਮੈਨੂੰ ਰਿਹਾਈ ਮਿਲੀ ਤੇ ਮੈਂ ਕੋੜਿਆਂ ਤੋਂ ਬਚ ਗਿਆ। ਹੈਰਾਨੀ ਦੀ ਗੱਲ ਸੀ ਕਿ ਇਸ ਤੋਂ ਪਹਿਲਾਂ ਮੈਂ ਮਨ ਹੀ ਮਨ ਵਿਚ ਜੇਲ੍ਹ ਦੀ ਖ਼ੋਲ਼ੀ ਵਿਚ ਪਾਸ਼ ਨਾਲ ਗੱਲਾਂ ਕੀਤੀਆਂ ਤੇ ਉਹਦਾ ਹੁੰਗਾਰਾ ਸੁਣਿਆ। ਜਦੋਂ ਮੈਂ ਉਹਦੇ ਕੋਲੋਂ ਪੁੱਛਿਆ :
“ਯਾਰਾ ਦੱਸ ! ਕੀ ਮੈਂ ਭਾਰਤੀ ਸਰਕਾਰ ਦਾ ਏਜੰਟ ਹਾਂ ?”
ਤੇ ਉਹ ਦੇ ਚਿਹਰੇ ਤੇ ਇਕ ਦਰਦ ਭਰੀ ਮੁਸਕਾਨ ਆ ਜਾਂਦੀ। ਉਹ ਘੁੱਟ ਕੇ ਮੇਰਾ ਹੱਥ ਫੜ ਲੈਂਦਾ।
‘ਨਾ ਮੈਂ ਪਾਕਿਸਤਾਨੀ ਏਜੰਟ ਹਾਂ ਤੇ ਨਾਂ ਤੂੰ ਭਾਰਤੀ ਏਜੰਟ,
ਦੋਹਾਂ ਪਾਸੇ ਅਸੀਂ ਲੋਕਾਈ ਦੇ ਏਜੰਟ ਹਾਂ’।
ਫੇਰ ਉਹ ਮੇਰੀ ਨਜ਼ਮ ‘ਅੰਮ੍ਰਿਤਾ ਪ੍ਰੀਤਮ ਦੇ ਨਾਂ’ ਗੁਣ ਗੁਣਾਉਣ ਲੱਗ ਪੈਂਦਾ।
‘ਪਾਟੀ ਚੁੰਨੀ ਦੇ ਵਾਂਗ ਇਹ ਦੁੱਖ ਸਾਡਾ
ਇਕ ਲੀਰ ਕਿੱਥੇ ਦੂਜੀ ਲੀਰ ਕਿੱਥੇ।
“ਪਰ ਯਾਰ! ਤੂੰ ਇਹ ਕਵਿਤਾ ਅੰਮ੍ਰਿਤਾ ਪ੍ਰੀਤਮ ਨੂੰ ਮੁਖ਼ਾਤਿਬ ਕਰਕੇ ਕਿਉਂ ਲਿਖੀ.... ਹਿੰਦੋਸਤਾਨ ਦੀ ਲੋਕਾਈ ਨੂੰ ਮੁਖ਼ਾਤਿਬ ਕਰਕੇ ਕਿਉਂ ਨਹੀਂ ?” ਅੱਗੋਂ ਮੈਂ ਚੁੱਪ ਕਰ ਜਾਂਦਾ।
ਜਨਵਰੀ 1972 ਵਿਚ ਜਦੋਂ ਮੈਂ ਜੇਲ੍ਹੋਂ ਬਾਹਰ ਆਇਆ, 1973 ਦੇ ਅਖ਼ੀਰ ਵਿਚ ਲੁਧਿਆਣੇ ਤੋਂ ਪੰਜਾਬੀ ਦਾ ਇਕ ਪਰਚਾ (ਹੇਮ ਜਿਉਤੀ) ਮਿਲਿਆ। ਜਿਹਦੇ ਵਿਚ ਮੇਰੇ ਨਾਂ ਇਕ ਚਿੱਠੀ ਛਪੀ ਹੋਈ ਸੀ। ਇਹ ਤਿੰਨ ਸਫ਼ਿਆਂ ਦੀ ਇਕ ਲੰਮੀ ਚਿੱਠੀ ਸੀ ਜਿਸ ਨੂੰ ਪੰਜਾਬੀ ਲੇਖਕ ਸਭਾ ਲੁਧਿਆਣੇ ਵੱਲੋਂ ਸੁਰਿੰਦਰ ਦੁਸਾਂਝ ਨੇ ਲਿਖਿਆ ਸੀ ।
ਕੁਝ ਚਿਰ ਮਗਰੋਂ ਮੈਨੂੰ ਪਾਸ਼ ਦੀ ਆਪਣੇ ਨਾਂ ਲਿਖੀ ਨਜ਼ਮ ਵੀ ਮਿਲ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਚਿੱਠੀ ਦਾ ਮਤਨ ਤੇ ਪਾਸ਼ ਦੀ ਕਵਿਤਾ ਦਾ ਬੋਲ ਇਕੋ ਵਿਚਾਰਧਾਰਾ, ਇਕੋ ਜਿਹੇ ਜਜ਼ਬੇ ਦਾ ਇਜ਼ਹਾਰ ਕਰਦੇ ਸਨ। ਪਹਿਲਾਂ ਤਾਂ ਮੈਨੂੰ ਜਾਪਿਆ ਕਿ ਇਹ ਚਿੱਠੀ ਵੀ ਪਾਸ਼ ਨੇ ਲਿਖੀ ਹੋਈ ਏ, ਉਹਦਾ ਕਾਰਨ ਇਹ ਸੀ ਕਿ ਪਾਸ਼ ਦੀ ਕਵਿਤਾ ਦੇ ਅੱਖਰ ਵੱਖਰੇ ਸਨ ਪਰ ਗੱਲ ਘੱਟ-ਵੱਧ ਉਹੀ ਕੀਤੀ ਗਈ ਸੀ। ਇਹ ਨੂੰ ਖੋਲ ਕੇ ਖਲਾਰ ਕੇ ਬਿਆਨਿਆ ਗਿਆ ਸੀ ਤੇ ਜ਼ਾਲਿਮਾਂ ਦੇ ਤੇ ਮਜ਼ਲੂਮਾਂ ਦੇ ਸਿੱਧੇ ਨਾਂ ਲਏ ਗਏ ਸਨ।
ਇਕ ਮਿਸਾਲ ਦੇਵਾਂਗਾਂ :
‘ਤੇਰੇ ਫੜ ਤੇ ਜੋ ਪਾਂਵਦੇ ਸੀ ਹਮਦਰਦੀ ਦੇ ਵੈਣ,
ਬਹੁਤ ਪਾਂਵਦੇ ਸੀ ਜੋ ਯਾਹੀਆ ਖ਼ਾਨ ਦੇ ਜ਼ੁਲਮਾਂ ਦੀ ਡੰਡ।
ਪੁਤਲੇ ਜੋ ਜਮਹੂਰੀਅਤ ਦੇ ਉਹਨਾਂ ਦੀਆਂ ਜੇਲ੍ਹਾਂ ਅੰਦਰ,
ਆ ਤੈਨੂੰ ਸੁੰਘਾ ਦਿਆਂ ਸੜਦੇ ਹੋਏ ਜੋਬਨ ਦੀ ਗੰਧ ।
ਤੇ ਸੁਰਿੰਦਰ ਦੁਸਾਂਝ ਨੇ ਆਪਣੀ ਚਿੱਠੀ ਵਿਚ ਲਿਖਿਆ ਸੀ :
ਅੰਮ੍ਰਿਤਾ ਪ੍ਰੀਤਮ ਸਾਡੇ ਦੇਸ਼ ਦੀ ਮਹਾਨ ਕਵੀ ਤੇਰੇ ਲਈ ਦਰਦਮੰਦ ਹੈ ਪਰ ਉਹ ਨਹੀਂ ਜਾਣਦੀ। ਕਦੇ ਉਸ ਦੇ ਦੇਸ਼ ਵਿਚ ਪਾਸ਼ ਨਾਂ ਦਾ ਕੋਈ ਕਵੀ ਵੀ ਜੇਲ੍ਹ ਵਿਚ ਡੱਕਿਆ ਗਿਆ ਸੀ। ਉਸ ਨੂੰ ਇਹ ਨਹੀਂ ਪਤਾ ਕਿ ਲਾਲ ਸਿੰਘ ਕਿੰਝ ਪੁਲਿਸ ਦਾ ਤੰਗ ਕੀਤਾ ਪੰਜਾਬ ਹੀ ਛੱਡ ਗਿਆ ਏ? ਉਸ ਨੂੰ ਇਹ ਵੀ ਪਤਾ ਨਹੀਂ ਕਿ ਸੰਤ ਰਾਮ ਉਦਾਸੀ ਦਾ ਪੁਲਿਸ ਨੇ ਦਿਮਾਗ਼ ਹਿਲਾ ਦਿੱਤਾ ਏ। ਉਹ ਇਹ ਵੀ ਨਹੀਂ ਜਾਣਦੀ ਕਿ ਮਹਿੰਦਰ ਗਿੱਲ, ਸਕੱਤਰ ਰਾਮਪੁਰ ਸਾਹਿਤ ਸਭਾ, ਤੇਰੇ ਵਾਂਗ ਹੀ ਜੇਲ੍ਹ ਵਿਚ ਡੱਕਿਆ ਗਿਆ ਹੈ। ਅਮਰਜੀਤ ਚੰਦਨ, ਸੁਰਿੰਦਰ ਜੇਲ੍ਹ ਵਿਚ ਹਨ। ਹਰਭਜਨ ਹਲਵਾਰਵੀ ਦੀ ਭਾਲ ਹੋ ਰਹੀ ਹੈ। ਉਸ ਨੂੰ ਫੜਨ ਦਾ ਇਨਾਮ ਵੀ ਰੱਖਿਆ ਗਿਆ ਹੈ। ਭਾਗ ਸਿੰਘ ਖੇਲਾ ਜ਼ਮਾਨਤ ’ਤੇ ਤਾਰੀਖਾਂ ਭੁਗਤ ਰਿਹਾ ਹੈ। ਅਜੀਤ ਰਾਹੀ ਇਨਟੈਰੋਗੇਸ਼ਨ ਸੈਂਟਰ ਵਿਚ ਬੜੇ ਦਿਨ ਕੱਟ ਆਇਆ ਏ। ਅਜੇ ਵੀ ਪਰਛਾਵੇਂ ਵਾਂਗ ਪੁਲਿਸ ਉਸ ਦੇ ਪਿੱਛੇ ਲੱਗੀ ਰਹਿੰਦੀ ਏ।
(ਹੇਮ ਜਿਉਤੀ, ਤਾਰੀਖ ਨਾ ਮਾਲੂਮ ਪੰਨੇ 8 ਤੋਂ 10)
ਇਹ ਸਿਰਫ਼ ਇਕ ਮਿਸਾਲ ਏ। ਕਵਿਤਾ ਤੇ ਚਿੱਠੀ ਆਹਮਣੇ-ਸਾਹਮਣੇ ਰੱਖ ਕੇ ਪੜ੍ਹੀਏ ਤਾਂ ਖ਼ਿਆਲਾਂ ਤੇ ਬਿਆਨਾਂ ਵਿਚ ਕਮਾਲ ਦੀ ਸਾਂਝ ਏ ।
ਬੰਗਲਾਦੇਸ਼ ਬਣਨ ਮਗਰੋਂ ਕਈ ਵਰ੍ਹੇ ਸਿੱਧੀ ਡਾਕ ਬੰਦ ਰਹੀ। ਮੈਨੂੰ ਸੰਤੋਖ ਸਿੰਘ ਸੰਤੋਖ ਤੇ ਮੁਸ਼ਤਾਕ ਰਾਹੀਂ, ਹਰਭਜਨ ਸਿੰਘ ਹੋਰਾਂ ਦਾ 1971 ਦੇ ਦੁਖਾਂਤ ਬਾਰੇ ਕਵਿਤਾ ਸੰਗ੍ਰਹਿ ਮਿਲਿਆ, ਜਿਹੜਾ ਮੇਰੇ ਨਾਂ ਮਨਸੂਬ ਕੀਤਾ ਗਿਆ ਸੀ ਤੇ ਉਹਦੇ ਵਿਚ ਮੇਰੇ ਬਾਰੇ ਇਕ ਨਜ਼ਮ ਵੀ ਸੀ। ਫੇਰ ਹੋਰ ਢੇਰਾਂ ਨਜ਼ਮਾਂ ਦਾ ਪਤਾ ਚੱਲਿਆ ਜਿਹੜੀਆਂ ਮੇਰੇ ਨਾਂ ਲਿਖੀਆਂ ਗਈਆਂ ਸਨ। ਉਹਨਾਂ ਵਿਚ ਬਹੁਤੇ ਸ਼ਾਇਰ ਭਾਰਤੀ ਇਸਟੈਬਲਿਸ਼ਮੈਂਟ ਦੇ ਹਾਮੀ ਸਨ ਤੇ ਉਹਨਾਂ ਨਜ਼ਮਾਂ ਨੂੰ ਪੜ੍ਹ ਕੇ ਮੈਨੂੰ ਖੁਸ਼ੀ ਦੀ ਥਾਂਵੇ ਸ਼ਰਮ ਮਹਿਸੂਸ ਹੋਈ ਸੀ। ਪਾਸ਼ ਦੀ ਨਜ਼ਮ ਮੇਰੇ ਲਈ, ਮੇਰੇ ਕਿਰਦਾਰ ਲਈ, ਮੇਰੀ ਆਈਡੀਓਲੋਜੀ ਲਈ ਇਕ ਸ਼ੀਸ਼ਾ ਸੀ। ਇਹ ਇਕ ਗੰਭੀਰ ਸਵਾਲ ਸੀ ਕਿ ਪਾਕਿਸਤਾਨੀ ਡਿਕਟੇਟਰਸ਼ਿਪ ਤੇ ਭਾਰਤੀ ਜਮਹੂਰੀਅਤ ਵਿਚ ਅਸਲੋਂ ਕੋਈ ਫ਼ਰਕ ਏ? ਹਿੰਦੋਸਤਾਨ ਤੇ ਪਾਕਿਸਤਾਨ ਵਿਚ ਕਮਿਊਨਿਸਟ ਪਾਰਟੀਆਂ ਦੋ-ਦੋ, ਤਿੰਨ-ਤਿੰਨ ਧੜ੍ਹਿਆਂ ਵਿਚ ਵੰਡੀਆ ਹੋਈਆਂ ਸਨ। ਨਜ਼ਰਆਤੀ ਪੱਖੋਂ ਮੈਂ ਤੇ ਪਾਸ਼ ਦੋ ਵੱਖ-ਵੱਖ ਕੈਂਪਾਂ ਵਿਚ ਵੰਡੇ ਹੋਏ ਸਾਂ ਪਰ ਇਨਸਾਨੀ ਪੱਖੋਂ ਸਾਡਾ ਦਿਲ ਨਾਲ-ਨਾਲ ਧੜਕਦਾ ਸੀ। ਸਾਡੀ ਸ਼ਾਇਰੀ ਵਿਚ ਸਾਡੇ ਦਿਲਾਂ ਦਾ ਦਰਦ ਇਕ ਸੀ, ਪਰ ਸਾਡੀ ਸਿਆਸਤ ਵਿਚ ਸਾਡੇ ਦਿਮਾਗ਼ ਪਾਰਟੀ ਲਾਈਨ ਬੋਲਦੇ ਸਨ। ਮੈਂ ਕਈ ਵਾਰੀ ਸੋਚਿਆ ਖੁੱਲ੍ਹੀ ਚਿੱਠੀ ਦਾ ਜਵਾਬ ਲਿਖਾਂ ਪਰ ਦਿਲ ਹਰ ਵਾਰੀ ਮੈਨੂੰ ਹਟਕ ਦੇਂਦਾ। ਮੇਰੀ ਨਜ਼ਮ “ਜੰਗੀ ਕੈਦੀਆਂ ਦਾ ਢੋਲਾ” ਵਿਚ ਪਹਿਲਾਂ ਹੀ ਪਾਸ਼ ਦੀ ਕਵਿਤਾ ਦਾ ਜਵਾਬ ਆ ਗਿਆ ਸੀ। ਇਹ ਨਜ਼ਮ ਮੈਂ ਆਪਣੇ ਬਚਪਨ ਦੇ ਦੋਸਤ ਤੇ ਫ਼ੌਜੀ ਅਫ਼ਸਰ ਕੈਪਟਨ ਇਫ਼ਤਿਖ਼ਾਰ ਅਹਿਮਦ (ਅਜੋਕਾ ਬੈਰਿਸਟਰ ਇਫ਼ਤਿਖ਼ਾਰ ਅਹਿਮਦ ਲੰਡਨ ਦਾ ਵਾਸੀ) ਦੇ ਜੰਗੀ ਕੈਦੀ ਬਣਨ ਤੇ ਲਿਖੀ ਸੀ। ਇਫ਼ਤਿਖ਼ਾਰ ਮੇਰੇ ਬਚਪਨ ਦਾ ਯਾਰ ਸੀ। ਉਹਦੇ ਨਾਲ ਬਚਪਨ ਦੀਆ ਡੂੰਘੀਆਂ ਸਾਂਝਾਂ ਸਨ। ਅਸੀਂ ਰਲ ਕੇ ਪੜ੍ਹਦੇ, ਰਲ ਕੇ ਕ੍ਰਿਕਟ ਖੇਡਦੇ, ਰਲ ਕੇ ਕਿਤਾਬਾਂ ਪੜ੍ਹਦੇ ਤੇ ਇਨਕਲਾਬ ਦੀਆਂ ਗੱਲਾਂ ਕਰਦੇ। ਉਹਦਾ ਝੁਕਾਅ ਪੀਪਲਜ਼ ਪਾਰਟੀ ਵੱਲ ਸੀ, ਫੇਰ ਉਹ ਫ਼ੌਜ ਵਿਚ ਆ ਗਿਆ। ਅਫ਼ਸਰ ਬਣ ਗਿਆ। ਅਫ਼ਸਰ ਬਣ ਕੇ ਬੰਗਲਾਦੇਸ਼ ਦੀ ਮੁਹਿੰਮ ਤੇ ਨਿਕਲ ਗਿਆ। ਇਫ਼ਤਿਖ਼ਾਰ ਫ਼ੌਜੀ ਅਫ਼ਸਰ ਸੀ। ਉਸ ਫ਼ੌਜ ਦਾ ਹਿੱਸਾ ਸੀ ਜਿਹਨੇ ਲੱਖਾਂ ਬੰਗਾਲੀਆਂ ਦਾ ਕਤਲੇਆਮ ਕੀਤਾ ਸੀ, ਪਰ ਉਹ ਮੇਰਾ ਨਿੱਕਿਆਂ ਹੁੰਦਿਆਂ ਦਾ ਯਾਰ ਸੀ। ਦਿਲ ਤੇ ਦਿਮਾਗ਼ ਵਿਚਲੀ ਇਹ ਖੇਚਲ ਨਜ਼ਮ ਲਿਖਦੇ ਹੋਏ ਵੀ ਇਹ ਮੇਰੇ ਮਨ ਨੂੰ ਟੁੰਬਦੀ ਸੀ। ਹੈਰਾਨੀ ਦੀ ਗੱਲ ਇਹ ਕਿ ਮੇਰੇ ਨਾਂ ਆਪਣੀ ਨਜ਼ਮ ਵਿਚ ਪਾਸ਼ ਨੇ ਜੰਗੀ ਕੈਦੀਆਂ ਨਾਲ ਹਮਦਰਦੀ ਨਾ ਵਿਖਾਲਣ ਦੀ ਗੱਲ ਕੀਤੀ। ਜਿਹਦਾ ਵਖਾਲਾ ਮੈਂ ਪਹਿਲਾਂ ਹੀ ਕਰ ਚੁੱਕਿਆ ਸਾਂ। ਇਸ ਸਾਰੀ ਗੱਲ ਦਾ ਇਕ ਪਸਮੰਜ਼ਰ ਸੀ।
ਆਕਾਸ਼ਵਾਣੀ ਰੇਡੀਉ ਤੋਂ ਨਿੱਤ ਜੰਗੀ ਕੈਦੀਆਂ ਦੇ ਸੁਨੇਹੇ ਨਸ਼ਰ ਹੁੰਦੇ, “ਹਮ ਖ਼ੈਰੀਅਤ ਸੇ ਹੈਂ।” ਇਹ ਸੁਨੇਹੇ ਇਕ ਮਜ਼ਾਕ ਜਿਹੇ ਜਾਪਦੇ। ਲੱਗਦਾ ਸਾਡੀ ਕੋਈ ਟਿਚਕਰ ਬਣਾ ਰਿਹਾ ਸੀ। ਏਧਰੋਂ ਰੇਡੀਉ ਪਾਕਿਸਤਾਨ ਦੇ ਕਿਰਾਏ ਦੇ ਲਿਖਾਰੀ ਜੰਗੀ ਕੈਦੀਆਂ
ਦੇ ਪਰਿਵਾਰਾਂ ਦਾ ਦਰਦ ਬੋਲਦੇ, ਓਧਰੋਂ ਆਕਾਸ਼ਵਾਣੀ ਆਪਣੀ ਸਰਕਾਰੀ ਬੋਲੀ ਬੋਲਦਾ।
1972 ਵਿਚ ਮੈਨੂੰ ਲੋਕ-ਵਿਰਸੇ ਦੀ ਨੌਕਰੀ ਮਿਲੀ । ਫ਼ੈਜ਼ ‘ਨੈਸ਼ਨਲ ਕੌਂਸਲ ਆਫ਼ ਦੀ ਆਰਟਸ’ ਦੇ ਚੇਅਰਮੈਨ ਬਣ ਕੇ ਇਸਲਾਮਾਬਾਦ ਆ ਗਏ ਸਨ। ਉਹਨਾਂ ਮੈਨੂੰ ਕੌਂਸਲ ਦੇ ਇਕ ਵਿਭਾਗ ‘ਫੋਕਲੋਰ ਰਿਸਰਚ ਸੈਂਟਰ’ ਵਿਚ ਪਾਕਿਸਤਾਨ ਦੇ ਲੋਕ ਗੀਤ ਇਕੱਠੇ ਕਰਨ ਦਾ ਕੰਮ ਸੌਂਪਿਆ। ਇਸ ਨੌਕਰੀ ਦਾ ਲਾਭ ਚੁੱਕਦੇ ਹੋਏ ਮੈਂ ਫ਼ੌਜੀ ਭਰਤੀ ਦੇ ਇਕ ਵੱਡੇ ਮਰਕਜ਼ ਜਿਲ੍ਹਾ ਜਿਹਲਮ ਦੇ ਫੇਰੇ ਲਾਏ। ਜਿਹਲਮ ਦੀ ਤਹਿਸੀਲ ਪਿੰਡ ਦਾਦਨ ਖ਼ਾਨ ਦੇ ਤੀਹ ਹਜ਼ਾਰ ਜੰਗੀ ਕੈਦੀ ਹਿੰਦੋਸਤਾਨ ਵਿਚ ਕੈਦ ਸਨ। ਮੈਂ ਪਿੰਡ ਦਾਦਨ ਖ਼ਾਨ ਦੇ ਫ਼ੌਜੀ ਟੱਬਰਾਂ ਨੂੰ ਮਿਲ ਕੇ ਉਹਨਾਂ ਦੀਆਂ ਤੀਵੀਆਂ, ਧੀਆਂ, ਭੈਣਾਂ, ਮਾਵਾਂ ਤੇ ਮਹਿਬੂਬ ਕੁੜੀਆਂ ਕੋਲੋ ਲ਼ਾਮ ਦੀਆਂ ਕਹਾਣੀਆਂ ਸੁਣੀਆਂ ਸਨ। ਉਹਨਾਂ ਨੂੰ ਲ਼ਾਮਾਂ ਬਾਰੇ ਚੋਖੇ ਗੀਤ ਯਾਦ ਸਨ। ਉਹ ਪੁਰਾਣੇ ਗੀਤਾਂ ਵਿਚ ਨਵੀਂ ਕਹਾਣੀ ਜੋੜ ਕੇ ਢਾਕੇ ਤੇ ਬੰਗਾਲੇ ਗਏ ਪੁੱਤਰ-ਭਰਾਵਾਂ ਤੇ ਢੋਲ ਸਿਪਾਹੀਆਂ ਦੇ ਵਿਛੋੜੇ ਵਿਚ ਕੁਰਲਾਉਂਦੀਆਂ ਹਨ। ਮੈਂ ਸੁਣ ਕੇ ਹੈਰਾਨ ਰਹਿ ਜਾਂਦਾ ਕਿ ਉਹ ਕਿਵੇਂ ਬਸਰੇ ਤੇ ਬਰਮਾ ਦੀਆਂ ਲ਼ਾਮਾਂ ਨੂੰ ਢਾਕੇ ਬੰਗਾਲੇ ਦੇ ਦੁੱਖੜੇ ਵਿਚ ਢਾਲ ਲੈਂਦੀਆਂ। ਹੈਰਾਨੀ ਦੀ ਗੱਲ ਇਹ ਸੀ ਕਿ 1971 ਵਿਚ ਪੰਜਾਬ ਦੇ ਮਰਦ ਸ਼ਾਇਰ ਜੰਗ ਤੇ ਜ਼ਹਾਦ ਦੇ ਗੀਤ ਲਿਖਦੇ ਸਨ ਪਰ ਲ਼ਾਮਾਂ ਉੱਤੇ ਗੱਭਰੂਆਂ ਦੀਆਂ ਤੀਵੀਆਂ ਕੁਰਲਾਉਂਦੀਆਂ ਸਨ :
ਲ਼ਾਮਾਂ ਦੀ ਸੁਲਹ ਕਰਾ।
ਮੈਨੂੰ ਯਾਦ ਏ ਉਨ੍ਹੀਂ ਦਿਨੀਂ ਹੀ ਫ਼ੈਜ਼ ਸਾਹਿਬ ਢਾਕੇ ਦਾ ਦੌਰਾ ਕਰਕੇ ਪਰਤੇ ਸਨ ਤੇ ਉਹਨਾਂ ਦੀ ਇਕ ਗ਼ਜ਼ਲ ਚੋਖੀ ਮਸ਼ਹੂਰ ਹੋਈ ਸੀ।
‘ਖੂਨ ਕੇ ਧੱਬੇ ਧੁਲੇਗੇਂ ਕਿਤਨੀ ਬਰਸਾਤੋਂ ਕੇ ਬਾਅਦ।’
ਇਹ 1974 ਦਾ ਮੁੱਢ ਸੀ ਜਦੋਂ ਮੈਂ ਪਾਸ਼ ਨੂੰ ਆਪਣੀ ਕਵਿਤਾ “ਜੰਗੀ ਕੈਦੀਆਂ ਦਾ ਢੋਲਾ” ਤੇ ਇਕ ਲੰਮੀ ਚਿੱਠੀ ਲੰਦਨ ਦੇ ਦੋਸਤਾਂ ਰਾਹੀਂ ਘੱਲੀ। ਉਦੋਂ ਹਿੰਦੋਸਤਾਨ ਤੋਂ ਦੋਸਤਾਂ ਦੀ ਸੁੱਖ ਸਾਂਦ ਦੀਆ ਖ਼ਬਰਾਂ ਨਹੀਂ ਸਨ ਆ ਰਹੀਆਂ। ਲੰਦਨ ਰਾਹੀਂ ਚਿੱਠੀਆਂ ਵੀ ਹਿੰਦੋਸਤਾਨ ਘੱਟ-ਵੱਧ ਪਹੁੰਚਦੀਆਂ ਸਨ। ਮੈਨੂੰ ਯਾਦ ਪੈਂਦਾ ਏ ਕਿ ਮੈਂ ਉਸ ਚਿੱਠੀ ਵਿਚ ਜਾਂ ਕਿਸੇ ਵੱਖਰੀ ਚਿੱਠੀ ਵਿਚ ਪਾਕਿਸਤਾਨ ਦੇ ਮਹਾਨ ਸਿੰਧੀ ਕਵੀ ਸ਼ੇਖ ਐਯਾਜ਼ ਦੀ ਕਵਿਤਾ ਜਿਹੜੀ ਉਹਨੇ ਹਿੰਦੋਸਤਾਨ ਦੇ ਉੱਘੇ ਸਿੰਧੀ ਸ਼ਾਇਰ ਨਾਰਾਇਣ ਸ਼ਿਆਮ ਨੂੰ ਮੁਖ਼ਾਤਿਬ ਕਰਕੇ ਲਿਖੀ ਸੀ, ਦਾ ਪੰਜਾਬੀ ਤਰਜਮਾ ਵੀ ਘੱਲਿਆ ਸੀ। ਉਸ ਨਜ਼ਮ ਵਿਚ ਐਯਾਜ਼ ਨੇ ਲਿਖਿਆ ਸੀ:
ਨਾਰਾਇਣ ਸ਼ਿਆਮ
ਤੂੰ ਮੇਰਾ ਵੀਰ
ਮੈਂ ਤੇਰੇ ਤੇ ਗੋਲੀ ਕਿੰਝ ਚਲਾਵਾਂ।
ਮੈਂ ਮਹੀਨਿਆਂ ਬੱਧੀ ਪਾਸ਼ ਦਾ ਜਵਾਬ ਉਡੀਕਦਾ ਰਿਹਾ। ਉਹਨੇ ਨਾ ਮੇਰੀ ਨਜ਼ਮ ਦਾ ਹੁੰਗਾਰਾ ਭਰਿਆ, ਨਾ ਸ਼ੇਖ ਐਯਾਜ਼ ਦੀ ਨਜ਼ਮ ਦਾ, ਨਾ ਮੇਰੀ ਲੰਮੀ ਚਿੱਠੀ ਦਾ। ਪਤਾ ਨਹੀਂ ਉਹ ਕੀ ਕਰ ਰਿਹਾ ਸੀ? ਕਿਹੜੇ ਹਾਲਾਂ ਵਿਚ ਸੀ? ਉਹਨੂੰ ਮੇਰੀ ਚਿੱਠੀ ਮਿਲੀ ਵੀ ਸੀ ਕਿ ਨਹੀਂ। ਏਧਰੋਂ-ਉਧਰੋਂ ਸੁਣਨ ਵਿਚ ਆਇਆ ਕਿ ਉਹ ਪੰਜਾਬੀ ਦਾ ਇਕ ਇਨਕਲਾਬੀ ਮੈਗਜ਼ੀਨ ‘ਸਿਆੜ’ ਕੱਢ ਰਿਹਾ ਸੀ। ਜਿਹੜਾ 1973 ਵਿਚ ਬੰਦ ਹੋ ਗਿਆ। ਮਗਰੋਂ ਉਹਨੇ ਸਾਈਕਲੋ-ਸਟਾਈਲ ਉੱਤੇ “ਹਾਕ” ਜਾਰੀ ਕੀਤਾ। ਜਿਹੜਾ ਅੱਤਵਾਦ ਨੂੰ ਲਲਕਾਰਦਾ, ਵੇਲੇ-ਕੁਵੇਲੇ ਛਪ ਜਾਂਦਾ ਸੀ। ਇਸ ਤੋਂ ਵੱਧ ਕੁਝ ਪਤਾ ਨਹੀਂ ਸੀ ਚੱਲਦਾ। ਹਿੰਦੋਸਤਾਨ ਦੇ ਦੋਸਤਾਂ ਨਾਲ ਰਾਬਤੇ ਟੁੱਟ ਗਏ ਸਨ ਤੇ ਖ਼ਤ-ਪੱਤਰ ਸੈਂਸਰ ਦੀਆਂ ਤਾਰਾਂ ਵਿਚ ਉਲਝ ਕੇ ਰਹਿ ਜਾਂਦੇ। ਕੁਝ ਸੁਰਤ ਨਹੀਂ ਸੀ ਕਿ ਕੌਣ ਕਿੱਥੇ ਹੈ ਤੇ ਕਿਹੜੇ ਹਾਲਾਂ ਵਿਚ ਹੈ?
ਬਲੋਚਿਸਤਾਨ ਵਿਚ ਭੁੱਟੋ ਦਾ ਲਾਗੂ ਕੀਤਾ ਹੋਇਆ ਫ਼ੌਜੀ ਐਕਸ਼ਨ ਚੱਲ ਰਿਹਾ ਸੀ। ਪਾਕਿਸਤਾਨ ਦੇ ਸੱਜਣ ਇਰਾਨ ਦੇ ਜੰਗੀ ਜਹਾਜ਼ ਬਲੋਚਿਸਤਾਨ ਉੱਤੇ ਬੰਬਾਰੀ ਕਰ ਰਹੇ ਸਨ। ਪਾਸ਼ ਦੀ ਨਜ਼ਰ ਵਿਚ ਮੈਂ ਇੰਦਰਾ ਗਾਂਧੀ ਦਾ ਹੀ ਨਹੀਂ ਸਗੋਂ ਸ਼ੋਸ਼ਲ ਸਾਮਰਾਜ ਰੂਸ ਦਾ ਵੀ ਹਾਮੀ ਸਾਂ, ਪਰ ਸਾਡੀ ਪਾਰਟੀ ਅੰਡਰ ਗਰਾਊਂਡ ਰਹਿ ਕੇ ਬਲੋਚਿਸਤਾਨ ਵਿਚ ਰਹਿ ਕੇ ਜੰਗ ਵਿਚ ਬਲੋਚਾਂ ਦਾ ਸਾਥ ਦੇ ਰਹੀ ਸੀ। ਪਾਰਟੀ ਦੀਆਂ ਔਕੜਾਂ ਉਦੋਂ ਹੋਰ ਵੱਧ ਗਈਆਂ ਜਦੋਂ ਰੂਸ ਨੇ ਪਾਰਟੀ ’ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਅਸੀ ਬਲੋਚਾਂ ਦੀ ਥਾਂਵੇ ਭੁੱਟੋ ਦਾ ਸਾਥ ਦੇਈਏ। ਸੋ ਸੋਵੀਅਤ ਤਰਕ ਅਨੁਸਾਰ ਅਸੀ ਭੁੱਟੋ ਦਾ ਸਾਥ ਨਾ ਦੇ ਕੇ ਉਹਨੂੰ ਜਮਾਇਤੇ ਇਸਲਾਮੀ ਵੱਲ ਧੱਕ ਰਹੇ ਸਾਂ। ਜਦ ਕਿ ਉਹ ਅਹਿਮਦੀਆਂ ਨੂੰ ਗ਼ੈਰ ਮੁਸਲਿਮ ਕਰਾਰ ਦੇਣ ਤੋਂ ਲੈ ਕੇ ਹੋਰ ਕਿੰਨੇ ਹੀ ਅਜਿਹੇ ਕੰਮ ਕਰ ਰਿਹਾ ਸੀ ਜਿਹੜੇ ਜਮਾਇਤੇ ਇਸਲਾਮੀ ਦੇ ਏਜੰਡੇ 'ਤੇ ਸਨ। ਪਾਰਟੀ ਦਾ ਦ੍ਰਿਸ਼ਟੀਕੋਣ ਸਾਦਾ ਤੇ ਸਾਫ਼ ਸੀ। ਬਲੋਚ ਸਰਕਾਰ ਨੂੰ ਢਾਹ ਕੇ ਭੁੱਟੋ ਨੇ ਜਮਹੂਰੀਅਤ ਤੇ ਹਮਲਾ ਕੀਤਾ ਏ।
ਬਲੋਚਿਸਤਾਨ ਵਿਚ ਸਾਡੇ ਦੋਸਤਾਂ ਦਾ ਕਤਲੇਆਮ ਹੋ ਰਿਹਾ ਏ ਅਤੇ ਇਹ ਕਤਲੇਆਮ ਫ਼ੌਜ ਭੁੱਟੋ ਦੇ ਹੁਕਮ ਤੇ ਕਰ ਰਹੀ ਏ। ਇਸ ਕਤਲੇਆਮ ਵਿਚ ਭੁੱਟੋ ਨਾਲ ਕਿਵੇ ਖਲੋ ਸਕਦੇ ਆਂ। ਪਾਰਟੀ ਦੀ ਇਸ ਬਗ਼ਾਵਤ ਤੋਂ ਰੂਸੀ ਖੁਸ਼ ਨਹੀਂ ਸਨ ਪਰ ਫੇਰ ਵੀ ਅਸੀ ਰੂਸੀ ਸ਼ੋਸ਼ਲ ਸਾਮਰਾਜ ਦੇ ਏਜੰਟ ਆਖੇ ਜਾਂਦੇ ਸਾਂ।
1977 ਵਿਚ ਜਰਨਲ ਜ਼ਿਆ ਨੇ ਭੁੱਟੋ ਦਾ ਤਖ਼ਤਾ ਉਲਟ ਕੇ ਮਾਰਸ਼ਲ ਲਾਅ ਲਗਾ ਦਿੱਤਾ। ਪਾਕਿਸਤਾਨ ਵਿਚ ਇਹ ਤੀਜਾ ਮਾਰਸ਼ਲ ਲਾਅ ਸੀ। ਭਾਵੇਂ 1975 ਵਿਚ ਮੈਂ ਭੁੱਟੋ ਦੀ ਡੈਮੋਕਰੇਸੀ ਦੇ ਦਿਨਾਂ ਵਿਚ ਵੀ ਫੜਿਆ ਗਿਆ ਸਾਂ ਤੇ ਮੇਰੀ ਪੰਜਾਬੀ ਕਿਤਾਬ ਲੜੀ 'ਕੂੰਜ' ਉੱਤੇ ਬੰਦਿਸ਼ ਲੱਗ ਗਈ ਸੀ। ਫੇਰ ਵੀ ਉਹ ਨਾ-ਮਾਤਰ ਦੀ ਜਮਹੂਰੀਅਤ ਸਾਨੂੰ LESER EVIL ਦੇ ਤੌਰ ਤੇ ਕਬੂਲ ਸੀ। ਜ਼ਿਆ ਦਾ ਮਾਰਸ਼ਲ ਲਾਅ ਪਾਕਿਸਤਾਨ ਨੂੰ ਇਕ ਵੱਡੇ ਵਿਗਾੜ ਵੱਲ ਲੈ ਕੇ ਜਾ ਰਿਹਾ ਸੀ। ਭਾਵੇਂ ਭੁੱਟੋ ਨੇ ਕਮਿਊਨਿਸਟ ਪਾਰਟੀ ਤੋਂ ਪਾਬੰਦੀ ਚੁੱਕ ਲਈ ਹੋਈ ਸੀ ਪਰ ਪਾਰਟੀ ਅਜੇ ਵੀ ਅੰਡਰ ਗਰਾਊਂਡ ਕੰਮ ਕਰ ਰਹੀ ਸੀ। ਪਾਰਟੀ ਭੁੱਟੋ ਦੇ ਰਾਜ ਤੋਂ ਖੁਸ਼ ਨਹੀਂ ਸੀ। ਬਲੋਚਿਸਤਾਨ ਵਿਚ ਸਾਡੀ ਹਕੂਮਤ ਦਾ ਤਖ਼ਤਾ ਉਲਟ ਦਿੱਤਾ ਗਿਆ ਸੀ ਤੇ ਬਲੋਚਿਸਤਾਨ ਦੇ ਲੋਕਾਂ ਉੇੱਤੇ ਬੰਬਾਰੀ ਹੋ ਰਹੀ ਸੀ ਪਰ ਜ਼ਿਆ ਉਲ ਹੱਕ ਦੇ ਮਾਰਸ਼ਲ ਲਾਅ ਮਗਰੋਂ ਪਾਰਟੀ ਦਾ ਵੇਰਵਾ ਇਹ ਸੀ ਕਿ ਅੱਜ ਦੇ ਹਾਲਾਤ ਵਿਚ ਬੁਰਜੂਆ ਡੈਮੋਕਰੇਸੀ ਵੀ ਆਪਣੇ ਅੰਦਰ ਇਕ ਰੈਡੀਕਲ ਤੇ ਇਨਕਲਾਬੀ ਨਾਅਰਾ ਏ। ਆਵਣ ਵਾਲੇ ਹਾਲਾਤ ਨੇ ਇਸ ਵੇਰਵੇ ਨੂੰ ਸੱਚ ਸਾਬਿਤ ਕਰ ਵਿਖਾਇਆ।
ਇਹ ਵੇਰਵਾ ਮੈਂ ਪਾਸ਼ ਨਾਲ ਸਾਂਝਾ ਕਰਨਾ ਚਾਹੁੰਦਾ ਸਾਂ ਤੇ ਸਮਝਣਾ ਚਾਹੁੰਦਾ ਸਾਂ ਕਿ ਦੋਹਾਂ ਮੁਲਕਾਂ ਵਿਚਲੇ ਸਿਆਸੀ ਫ਼ਰਕ ਕਾਰਨ ਇਕ ਪਾਕਿਸਤਾਨੀ ਲਈ ਇੰਦਰਾ ਗਾਂਧੀ ਦੀ ਬੁਰਜੂਆ ਜਮਹੂਰੀਅਤ ਨੂੰ ਨਿੰਦਣਾ ਕਿੰਨਾ ਕੁ ਜਾਇਜ਼ ਸੀ। ਪਾਕਿਸਤਾਨ ਵਿਚ ਸਾਡੇ ਕੋਲ ਜ਼ਿਆ ਦੀ ਫ਼ੌਜੀ ਡਿਕਟੇਟਰਸ਼ਿਪ ਦੇ ਖ਼ਿਲਾਫ਼ ਲੜਨ ਤੋਂ ਸਿਵਾ ਕੋਈ ਰਾਹ ਹੀ ਨਹੀਂ ਸੀ। ਅਮਰੀਕਾ ਤੇ ਮੁੱਲਾ ਜ਼ਿਆ ਦੇ ਵੱਡੇ ਹਿਮਾਇਤੀ ਸਨ। ਤੇ ਉਸ ਵੱਡੇ ਡਰਾਮੇ ਲਈ ਸਟੇਜ ਤਿਆਰ ਹੋ ਰਹੀ ਸੀ ਕਿ ਮੁੱਲਾ ਆਰਮੀ ਤੇ ਅਮਰੀਕਾ ਇਕ ਹੋ ਕੇ ਸੋਵੀਅਤ ਯੂਨੀਅਨ ਉੱਤੇ ਹਮਲਾ ਕਰ ਸਕਣ। ਅਫਗਾਨਿਸਤਾਨ ਦਾ ਇਨਕਲਾਬ ਜਿਹੋ ਜਿਹਾ ਵੀ ਸੀ, ਅਮਰੀਕਾ ਨੇ ਉਹਨੂੰ ਸੋਵੀਅਤ ਯੂਨੀਅਨ ਉੱਤੇ ਹਮਲਾ ਕਰਨ ਦਾ ਸਾਧਨ ਬਣਾਇਆ ।
ਮੈਂ ਪਾਸ਼ ਨੂੰ ਮਿਲਣਾ ਤੇ ਮਿਲ ਕੇ ਪੁੱਛਣਾ ਚਾਹੁੰਦਾ ਸਾਂ ਕਿ ਅੱਜ ਵੀ ਉਹ ਆਪਣੀ ਨਜ਼ਮ "ਅਹਿਮਦ ਸਲੀਮ ਦੇ ਨਾਂ"ਵਿਚਲੀ ਸੱਚਾਈ ਉੱਤੇ ਯਕੀਨ ਰੱਖਦਾ ਹੈ? ਪਾਕਿਸਤਾਨ ਦੀ ਸਿਆਸੀ ਹਾਲਤ, ਜ਼ਿਆ ਦੇ ਖ਼ਿਲਾਫ਼ ਸਾਡੀ ਲੜਾਈ ਤੇ ਕੈਦਾਂ ਕੋੜਿਆਂ ਬਾਰੇ ਉਹਦਾ ਕੀ ਖ਼ਿਆਲ ਏ? ਖ਼ੁਦ ਹਿੰਦੋਸਤਾਨ ਵਿਚ ਉਹ ਆਪਣੇ ਯੁੱਧ ਬਾਰੇ ਕੀ ਸੋਚਦਾ ਏ? ਪਰ ਉਹ ਅੱਤਵਾਦ ਨਾਲ ਜੂਝ ਰਿਹਾ ਸੀ। 'ਹਾਕ' ਦੀ ਗੂੰਜ ਹੁਣ ਪਾਕਿਸਤਾਨ ਵਿਚ ਵੀ ਸੁਣੀ ਜਾਂਦੀ ਸੀ। ਉਹ ਦੀ ਸ਼ਾਇਰੀ ਦੇ ਦੋ ਤਿੰਨ ਮਜ਼ਮੂਏ ਛਪ ਚੁੱਕੇ ਸਨ ਤੇ ਉਹਦੀਆਂ ਨਜ਼ਮਾਂ ਪਾਕਿਸਤਾਨ ਦੇ ਨੌਜਵਾਨ ਪੰਜਾਬੀ ਲਿਖਾਰੀਆਂ ਨੂੰ ਪ੍ਰੇਰਨਾ ਦੇ ਰਹੀਆਂ ਸਨ।
ਫੇਰ ਮੈਂ ਅਮਰੀਕਾ ਵਿਚ ਪੰਜਾਬੀ ਦੋਸਤਾਂ ਕੋਲੋ ਉਹਦੇ ਐਂਟੀ 47 ਫਰੰਟ ਬਾਰੇ ਸੁਣਿਆ। ਮੈਂ ਦਿਲ ਹੀ ਦਿਲ ਵਿਚ ਉਹਦੇ ਫਰੰਟ ਨੂੰ ਚੰਗਾ ਸਲਾਹਿਆ। ਅਸੀਂ ਅਜੇ ਤਾਈਂ ਜ਼ਿਆ ਦੇ ਮਾਰਸ਼ਲ ਲਾਅ ਨੂੰ ਭੁਗਤ ਰਹੇ ਸਾਂ। ਕੁਝ ਵਰ੍ਹੇ ਪਹਿਲਾਂ 1983 ਵਿਚ ਮੈਂ ਹਿੰਦੋਸਤਾਨ ਹੋ ਆਇਆ ਸਾਂ। ਉੱਥੇ ਸੁਮੀਤ ਨਾਲ ਮੇਰੀ ਲੰਮੀ ਮੁਲਾਕਾਤ ਹੋਈ ਸੀ ਪਰ ਪਾਸ਼ ਨਾ ਅੰਮ੍ਰਿਤਸਰ ਵਿਚ ਮਿਲਿਆ ਨਾ ਜਲੰਧਰ ਤੇ ਨਾ ਦਿੱਲੀ ਵਿਚ। ਸੱਜਣਾਂ ਨਾਲ ਉਹਦੀਆਂ ਗੱਲਾਂ ਹੁੰਦੀਆਂ ਰਹੀਆਂ। ਮੈਂ ਉਹ ਦੀਆਂ ਕਿਤਾਬਾਂ 'ਕੱਠੀਆ ਕੀਤੀਆਂ ਜਿਹੜੀਆਂ ਪਾਕਿਸਤਾਨ ਦੇ ਦੋਸਤਾਂ ਲਈ ਅਣਮੁੱਲੀ ਸੌਗਾਤ ਸਨ। ਪਾਕਿਸਤਾਨ ਵਾਪਿਸ ਆ ਕੇ ਮੈਂ ਜ਼ਿਆ ਦੀ ਪੁਲਿਸ ਦੇ ਹੱਥੇ ਚੜ ਗਿਆ। ਉਦੋਂ ਪੂਰੇ ਪਾਕਿਸਤਾਨ ਵਿਚ ਸਿਆਸਤਦਾਨ, ਮਜ਼ਦੂਰ, ਕਿਸਾਨ, ਵਿਦਿਆਰਥੀ, ਔਰਤਾਂ ਤੇ ਵਕੀਲ ਤੇ ਸਮਾਜ ਦੇ ਦੂਜੇ ਧੜੇ ਜਮਹੂਰੀਅਤ ਨੂੰ ਬਹਾਲ ਕਰਾਉਣ ਦੀ ਤਹਿਰੀਕ 'ਮੂਵਮੈਂਟ ਫਾਰ ਰੀਵਾਈਵਲ ਆਫ਼ ਡੈਮੋਕਰੇਸੀ' ਚਲਾ ਰਹੇ ਸਨ ਤੇ ਜਮਹੂਰੀਅਤ ਉਸ ਵੇਲੇ ਦਾ ਸਭ ਤੋਂ ਵੱਡਾ ਇਨਕਲਾਬੀ ਨਾਅਰਾ ਬਣ ਚੁੱਕਿਆ ਸੀ। ਓਧਰਲਾ ਪੰਜਾਬ ਅੱਤਵਾਦ ਦੀ ਅੱਗ ਵਿਚ ਬਲ ਰਿਹਾ ਸੀ। 1984 ਦਾ ਖੂਨੀ ਕਾਂਡ ਲਹੂ ਦੀ ਇਕ ਲੰਬੀ ਲਕੀਰ ਆਪਣੇ ਪਿੱਛੇ ਛੱਡ ਗਿਆ ਸੀ। ਉਦੋਂ ਇਕ ਵਾਰ ਫੇਰ ਪਾਸ਼ ਨੂੰ ਮਿਲਣ, ਉਹ ਦੇ ਨਾਲ ਆਪਣੀ-ਆਪਣੀ ਜੱਦੋ-ਜਹਿਦ ਸਾਂਝੀ ਕਰਨ ਦਾ ਜੀਅ ਕੀਤਾ। ਕੁਝ ਚਿਰ ਮਗਰੋਂ ਸੁਣਿਆ ਉਹ ਅਮਰੀਕਾ ਟੁਰ ਗਿਆ ਏ। ਉਦੋਂ ਜ਼ਿਆ ਦੇ ਸਤਾਏ ਸਿਆਸੀ ਕਾਮੇ ਪਾਕਿਸਤਾਨ ਛੱਡ-ਛੱਡ ਕੇ ਯੂਰਪ ਤੇ ਅਮਰੀਕਾ ਵਿਚ ਸਿਆਸੀ ਪਨਾਹ ਲੈ ਰਹੇ ਸਨ। ਮੈਨੂੰ ਵੀ ਕਿੰਨੇ ਹੀ ਦੋਸਤਾਂ ਪਾਕਿਸਤਾਨ ਛੱਡਣ ਲਈ ਆਖਿਆ ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਪਾਕਿਸਤਾਨ ਦੀ ਲੜਾਈ ਯੂਰਪ ਜਾਂ ਅਮਰੀਕਾ ਵਿਚ ਕਿਵੇਂ ਲੜੀ ਜਾ ਸਕਦੀ ਏ? ਮੈਂ ਪਾਸ਼ ਦੇ ਅਮਰੀਕਾ ਜਾਣ ਤੇ ਵੀ ਖੁਸ਼ ਨਹੀਂ ਸਾਂ। ਪਰ ਮਗਰੋ ਫ਼ਖਰ ਜ਼ਮਾਨ ਹੋਰਾਂ, ਜਿਹੜੇ ਆਪ ਵੀ ਉਦੋਂ ਅਮਰੀਕਾ ਵਿਚ ਸਨ, ਦੱਸਿਆ ਕਿ ਪਾਸ਼ ਉੱਥੇ ਐਂਟੀ 47 ਫਰੰਟ ਸਣੇ ਚੋਖਾ ਕੰਮ ਕਰ ਰਿਹਾ ਏ। ਹੱਥ ਲਿਖਤ ਸਾਈਕਲੋ-ਸਟਾਈਲ ਪਰਚਾ ਇਨਕਲਾਬੀ ਸੂਝ ਦਾ ਸ਼ਾਹਕਾਰ ਸੀ। ਫੇਰ ਉਹ ਹਿੰਦੋਸਤਾਨ ਪਰਤਿਆ ਤੇ ਉਥੋਂ ਉਹ ਖ਼ਬਰ ਆ ਗਈ ਜਿਹੜੀ ਮੈਂ ਕਦੀ ਸੁਣਨਾ ਨਹੀਂ ਚਾਹੁੰਦਾ ਸਾਂ ਤੇ ਜਿਹਨੇ ਮੇਰਾ ਦਿਲ ਪਾਸ਼-ਪਾਸ਼ ਕਰ ਦਿੱਤਾ। ਪਾਸ਼ ਨਾਲ ਮੇਰਾ ਡਾਇਲਾਗ ਅੱਧ-ਵਿਚਾਲੇ ਟੁੱਟ ਗਿਆ ਸੀ ਪਰ ਇਹ ਕਥਾ ਮੁਕਾਉਣ ਤੋਂ ਪਹਿਲਾ ਕਿੰਨਾ ਹੀ ਕੁਝ ਦੁਹਰਾਉਣ ਦੀ, ਸਾਂਝਾ ਕਰਨ ਦੀ ਲੋੜ ਏ। ਪਾਸ਼ ਨਾਲ ਆਪਣੇ ਡਾਇਲਾਗ ਨੂੰ ਇਕ ਤਰਤੀਬ ਨਾਲ ਬਿਆਨ ਕਰਨ ਦੀ ਲੋੜ ਏ, ਪਰ ਕੁਝ ਪਲ ਸਾਹ ਲੈ ਲਵਾਂ ਤੇ ਅੱਗੇ ਟੁਰਾਂ।
(4)
ਪਾਸ਼ ਦਾ ਜ਼ਿਕਰ ਪਹਿਲੀ ਵਾਰੀ ਮੈਂ 1970 ਦੇ ਅਖੀਰ ਵਿਚ ਸੁਣਿਆ। ਉਸੇ ਸਾਲ ਉਹ ਫੜਿਆ ਗਿਆ। 1971 ਵਿਚ ਅਸੀਂ ਦੋਵੇਂ ਆਪਣੇ-ਆਪਣੇ ਦੇਸ਼ ਦੀਆਂ ਜੇਲ੍ਹਾਂ ਵਿਚ ਸਾਂ। ਉਹ ਸਿਤੰਬਰ 1971 ਤੇ ਮੈਂ ਜਨਵਰੀ 1972 ਵਿਚ ਰਿਹਾ ਹੋ ਗਿਆ। 1972, 1974 ਤੇ 1976 ਵਿਚ ਉਹ ਫੇਰ ਫੜਿਆ ਗਿਆ। 1972 ਵਿਚ ਉਹਨੇ 'ਸਿਆੜ'ਤੇ ਮੈਂ ਕਿਤਾਬ ਲੜੀ 'ਕੂੰਜ' ਜਾਰੀ ਕੀਤਾ। 'ਸਿਆੜ' 1973 ਵਿਚ ਬੰਦ ਹੋ ਗਿਆ। ਫਿਰ ਉਹਨੇ 'ਹਾਕ' ਸ਼ੁਰੂ ਕੀਤਾ। ਦੇਸ ਪਰਦੇਸ ਯੂ.ਕੇ. ਨਾਲ ਚੜਿਆ ਤੇ 1974 ਵਿਚ 'ਹੇਮ ਜਿਉਤੀ'ਦਾ ਐਡੀਟਰ ਲਗ ਗਿਆ। ਉਦੋਂ 'ਹੇਮ ਜਿਉਤੀ'ਵਿਚ ਛਪਣਾ ਇਕ ਵੱਡੇ ਮਾਣ ਦੀ ਗੱਲ ਹੁੰਦੀ ਸੀ। ਦੂਜੇ ਬੰਨੇ 'ਕੂੰਜ' ਕੀੜੀ ਦੀ ਚਾਲੇ ਚਲਦਾ ਰਿਹਾ।
ਪਾਕਿਸਤਾਨ ਵਿਚ ਪੰਜਾਬੀ ਦੀਆਂ ਕਿਤਾਬਾਂ, ਰਸਾਲੇ ਪੱਲਿਓਂ ਛਾਪਣੇ ਪੈਂਦੇ ਸਨ। ਪਹਿਲੇ ਹੀ ਅੰਕ ਨੇ ਵਾਹਵਾ ਨਾਂ ਬਣਾਇਆ। ਉਹਦੇ ਵਿਚ ਪਾਕਿਸਤਾਨ, ਹਿੰਦੋਸਤਾਨ, ਯੂਰਪ ਦੇ ਪੰਜਾਬੀ ਲਿਖਾਰੀਆਂ ਦੀਆਂ ਲਿਖਤਾਂ ਤੇ ਆਲਮੀ ਅਦਬ ਦੇ ਤਰਜ਼ਮੇ ਸਨ। 1973 ਵਿਚ ਇਹਦੇ ਦੂਜੇ ਅੰਕ ਦੇ ਟਾਇਟਲ ਤੇ ਗੁਰੂ ਨਾਨਕ ਦਾ ਕਲਾਮ
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਛਾਪਿਆ ਸੀ। ਇਧਰਲੇ ਪੰਜਾਬ ਤੋਂ ਪਾਸ਼ ਦੀ ਨਜ਼ਮ ਛਪੀ ਤੇ ਪੂਰੇ ਪਾਕਿਸਤਾਨੀ ਪੰਜਾਬ ਵਿਚ ਧੁੰਮ ਪੈ ਗਈ। ਪਾਸ਼ ਤੋਂ ਵੱਖ ਹਰਿਭਜਨ ਸਿੰਘ, ਅਵਤਾਰ ਜੰਡਿਆਲਵੀ, ਸੁਰਜੀਤ ਪਾਤਰ, ਇਕਬਾਲ ਰਾਮੂਵਾਲੀਆ, ਨਸੀਬ ਚੇਤਨ, ਰਸ਼ਮ, ਅੰਮ੍ਰਿਤਾ ਪ੍ਰੀਤਮ ਤੇ ਹੋਰ ਸ਼ਾਇਰਾਂ ਦਾ ਕਲਾਮ ਸ਼ਾਮਿਲ ਸੀ। ਯੂ.ਕੇ. ਤੋਂ ਸੰਤੋਖ ਸਿੰਘ ਸੰਤੋਖ ਨੇ ਮੁਸ਼ਤਾਕ ਸਿੰਘ ਦੀਆਂ ਨਜ਼ਮਾਂ ਤੇ ਹੋਰ ਕਿੰਨਾ ਕੁਝ ਸੀ। ਪਰਚਾ ਏਨਾ ਉਠਿਆ ਤੇ ਇਕ ਦੋ ਮਹੀਨਿਆਂ ਵਿਚ ਮੁੱਕ ਗਿਆ। ਦੂਜਾ ਐਡੀਸ਼ਨ ਛਾਪਣ ਦੀ ਹਿੰਮਤ ਨਹੀਂ ਸੀ।
'ਕੂੰਜ'ਦਾ ਤੀਜਾ ਪਰਚਾ ਵੀ ਸ਼ਾਨ ਦਾ ਸੀ, ਪਰ ਛਾਪੇ ਘੱਲਣ ਤੋਂ ਪਹਿਲਾਂ ਉਹਦੀਆਂ ਜੁੜੀਆਂ ਕਾਪੀਆਂ ਮੇਰੇ ਸਮਾਨ ਨਾਲ ਚੋਰੀ ਹੋ ਗਈਆਂ। ਹਫੜਾ-ਦਫੜੀ ਵਿਚ ਤੀਜੇ ਅੰਕ ਦਾ ਨਵਾਂ ਮਵਾਦ ਜੋੜਨਾ ਪਿਆ। ਫਿਰ ਵੀ ਇਹਦੇ ਵਿਚ ਹਰਿਭਜਨ ਗਿਲ, ਲਾਲ ਸਿੰਘ ਦਿਲ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਸ਼ਾਮਿਲ ਸਨ ।
ਕੂੰਜ ਦਾ ਚੌਥਾ ਅੰਕ, ਮੈਂ 'ਪਾਸ਼ ਅੰਕ' ਛਾਪਣਾ ਚਾਹੁੰਦਾ ਸੀ। ਮੈਂ ਇਹਦੇ ਲਈ ਉਹਦੀਆਂ ਬਾਰ੍ਹਾਂ ਕਵਿਤਾਵਾਂ ਦੀ ਚੋਣ ਵੀ ਕਰ ਲਈ ਸੀ ਤੇ ਉਹਦੇ ਬਾਰੇ ਇਕ ਲੇਖ ਵੀ ਲਿਖ ਰਿਹਾ ਸਾਂ। ਇਸ ਕੰਮ ਲਈ ਮੈਂ ਪਾਸ਼ ਨੂੰ ਇਕ ਲੰਮੀ ਚਿੱਠੀ ਲਿਖੀ ਤੇ ਯੂ.ਕੇ. ਮੁਸ਼ਤਾਕ ਸਿੰਘ ਹੋਰਾਂ ਨੂੰ ਘੱਲ ਦਿੱਤੀ। ਉਹਨਾਂ ਲਿਖਿਆ ਕਿ ਉਹਨਾਂ ਮੇਰੀ ਚਿੱਠੀ ਅੱਗੇ ਟੋਰ ਦਿਤੀ ਏ ਪਰ ਪਾਸ਼ ਦੀਆ ਚਿੱਠੀਆਂ ਤੋਂ ਜ਼ਾਹਿਰ ਹੁੰਦਾ ਏ ਕਿ ਪਹਿਲਾਂ ਉਹ ਇਸ ਕੰਮ ਲਈ ਤਿਆਰ ਹੋ ਗਿਆ। ਇਕ-ਦੋ ਦੋਸਤਾਂ ਨੂੰ ਉਸ ਨੇ ਉਸ ਬਾਰੇ ਕੁਝ ਲਿਖਣ ਲਈ ਆਖਿਆ ਵੀ। ਅਮਰਜੀਤ ਚੰਦਨ ਦੇ ਨਾਂ ਇਕ ਖ਼ਤ ਵਿਚ ਪਾਸ਼ ਲਿਖਦਾ ਏ:
"ਕੂੰਜ ਮੇਰੇ ਬਾਰੇ ਸ਼ਪੈਸ਼ਲ ਅੰਕ ਕੱਢ ਰਿਹਾ ਏ। ਜੇ ਮੇਰੀ ਸ਼ਖ਼ਸੀਅਤ ਬਾਰੇ ਲੇਖ ਲਿਖ ਸਕੇ ਤਾਂ ਹਫ਼ਤੇ ਦੇ ਅੰਦਰ ਅੰਦਰ ਭੇਜਦੇ"।
ਅਮਰਜੀਤ ਦੇ ਨੋਟ ਮੂਜਬ ਉਹਨੇ ਇਸ ਚਿੱਠੀ ਦਾ ਜਵਾਬ ਲਿਖ ਕੇ ਰੱਖ ਛੱਡਿਆ ਪਰ ਡਾਕ ਵਿਚ ਨਹੀਂ ਪਾਇਆ। ਉਹਨੇ ਲੇਖ ਵੀ ਨਹੀਂ ਸੀ ਲਿਖਿਆ। ਜਾਪਦਾ ਏ ਮਗਰੋਂ ਪਾਸ਼ ਨੂੰ ਆਪ ਵੀ ਉਹਦੇ ਵਿਚ ਦਿਲਚਸਪੀ ਨਾ ਰਹੀ। ਪਾਕਿਸਤਾਨ- ਹਿੰਦੋਸਤਾਨ ਜਾਂ ਅਸਲੀ ਅਰਥਾਂ ਵਿਚ ਦੋਹਾਂ ਪੰਜਾਬਾਂ ਵਿਚਕਾਰ ਸਾਂਝ ਬਾਰੇ ਉਹਨੂੰ ਮੇਰੇ ਖ਼ਿਆਲਾਂ ਨਾਲ ਇਤਫ਼ਾਕ ਨਹੀਂ ਸੀ। ਮੁਸ਼ਤਾਕ ਸਿੰਘ ਦੇ ਨਾਂ ਇਕ ਚਿੱਠੀ ਵਿਚ ਪਾਸ਼ ਲਿਖਦਾ ਏ:
"ਅਹਿਮਦ ਸਲੀਮ ਬਾਰੇ ਮੇਰੀ ਰਾਏ ਕੋਈ ਚੰਗੀ ਨਹੀਂ। ਮੈਨੂੰ ਪਾਕਿਸਤਾਨ ਤੇ ਸਾਡੀ ਭਾਵੁਕ ਸਾਂਝ ਚੋਂ ਗ਼ੈਰ ਜ਼ਰੂਰੀ ਰੌਲੇ ਨਾਲ ਚਿੜ ਹੀ ਨਹੀਂ ਨਫ਼ਰਤ ਹੈ। ਮਿਸਾਲ ਵਜੋਂ ਉਹਦੀ 'ਨਾਗਮਣੀ' ਵਿਚ ਚਿੱਠੀ ਵੇਖ। ਸੋ ਮੈਂ ਉਹਨੂੰ ਕੁਝ ਨਹੀਂ ਘੱਲ ਰਿਹਾ"। 'ਨਾਗਮਣੀ' ਦਾ ਉਹ ਅੰਕ ਮੈਨੂੰ ਲੱਭ ਨਹੀਂ ਰਿਹਾ। ਇਸ ਲਈ ਕੁਝ ਆਖਣਾ ਔਖਾ ਏ ਕਿ ਅਜਿਹੀ ਕਿਹੜੀ ਚਿੱਠੀ ਸੀ ਜਿਹਨੇ ਉਹ ਦੇ ਅੰਦਰ ਨਫ਼ਰਤ ਜਮਾ ਦਿੱਤੀ। ਦੋਸਤਾਂ ਦੇ ਨਾਂ ਉਹਦੀਆ ਚਿੱਠੀਆਂ ਵਿਚ ਮੇਰਾ ਜ਼ਿਕਰ ਕਦੀ ਵੀ ਸਖ਼ਤ ਲਫਜ਼ਾਂ ਵਿਚ ਨਹੀਂ ਸੀ ਆਇਆ। ਮੁਸ਼ਤਾਕ ਸਿੰਘ ਦੇ ਨਾਂ ਇਕ ਦੋ ਖ਼ਤਾਂ ਵਿਚ ਉਹਨੇ ਮੈਨੂੰ ਆਪਣੀ ਕਿਤਾਬ ਤੇ 'ਸਿਆੜ' ਭੇਜਣ ਦੀ ਗੱਲ ਵੀ ਕੀਤੀ ਸੀ। ਉਹਨੇ ਮੁਸ਼ਤਾਕ ਰਾਹੀਂ ਮੈਨੂੰ ਇਕ ਖ਼ਤ ਵੀ ਭੇਜਿਆ ਸੀ ਜਿਹੜਾ ਬਦਕਿਸਮਤੀ ਨਾਲ ਮੈਨੂੰ ਨਹੀਂ ਸੀ ਮਿਲ ਸਕਿਆ। ਲੰਦਨ ਰਾਹੀਂ ਮੇਰਾ ਖ਼ਤ ਤਾਂ ਉਹਦੇ ਤਾਈਂ ਅੱਪੜ ਜਾਂਦਾ ਸੀ ਪਰ ਮੇਰਾ ਖ਼ਤ ਲੰਦਨ ਰਾਹੀਂ ਵੀ ਪਾਕਿਸਤਾਨ ਅੱਪੜ ਕੇ ਸੈਂਸਰ ਹੋ ਜਾਂਦਾ ਸੀ। ਮੁਸ਼ਤਾਕ ਦੇ ਨਾਂ ਇਕ ਚਿੱਠੀ ਵਿਚ ਪਾਸ਼ ਲਿਖਦਾ ਏ:
"ਨਾਲ ਵਾਲੀ ਚਿੱਠੀ ਲਿਫ਼ਾਫ਼ੇ ਵਿਚ ਪਾ ਕੇ ਅਹਿਮਦ ਸਲੀਮ ਨੂੰ ਘਲ ਦੇਂਈ"।
ਮੁਸ਼ਤਾਕ ਦੇ ਨਾਂ 12 ਅਪ੍ਰੈਲ 1974 ਦੇ ਇਕ ਖ਼ਤ ਵਿਚ ਉਹ ਲਿਖਦਾ ਏ: "ਮੇਰੀਆਂ ਕਿਤਾਬਾਂ ਤੂੰ ਲੈ ਲਈਆਂ ਹੋਣਗੀਆਂ। ਇਕ ਜਾਂਗਲੀ ਨੂੰ ਤੇ ਇਕ ਅਹਿਮਦ ਸਲੀਮ ਨੂੰ ਮੁਫ਼ਤ ਭੇਜ ਦੇਵੀ"।
ਮੈਨੂੰ ਇਸ ਗੱਲ ਦੀ ਰੜਕ ਹਮੇਸ਼ਾ ਰਹੇਗੀ ਕਿ ਸਾਡਾ ਡਾਇਲਾਗ ਜਾਂ ਚਿੱਠੀ ਪੱਤਰ ਦਾ ਸਿੱਧਾ ਸਿਲਸਿਲਾ ਕਿਉਂ ਨਾ ਟੁਰ ਸਕਿਆ। ਉਹ ਦੇ ਮਨ ਵਿਚ ਮੇਰੇ ਬਾਰੇ ਜੋ ਸ਼ੰਕੇ ਜਾਂ ਸਵਾਲ ਸਨ, ਅਸੀ ਉਹਨਾਂ ਬਾਰੇ ਖੁੱਲ ਕੇ ਕਿਉਂ ਗਲ ਬਾਤ ਨਾ ਕਰ ਸਕੇ। ਮੈਨੂੰ ਜਾਪਦਾ ਏ ਕਿ ਉਹ ਪਾਕਿਸਤਾਨੀ ਸਿਆਸਤ ਦੀਆਂ ਪੇਚੀਦਗ਼ੀਆਂ ਨੂੰ ਘੱਟ ਜਾਣਦਾ ਸੀ। ਇਹ ਦੇ ਵਿਚ ਕੋਈ ਸ਼ੱਕ ਨਹੀਂ ਕਿ ਸਿਆਸੀ ਤੌਰ ਤੇ ਸਾਡੇ ਖ਼ਿਆਲਾਂ ਵਿਚ ਤਾਂ ਮੇਲ ਨਹੀਂ ਸੀ ਪਰ ਮੈਂ ਉਹਦੇ ਕੋਲੋ ਉਥੋਂ ਦੀ ਹਾਲਤ ਜਾਣਨਾ ਚਾਹੁੰਦਾ ਸਾਂ। ਆਪਣੇ ਏਥੋਂ ਦੇ ਹਾਲਾਤ ਦੱਸਣਾ ਚਾਹੁੰਦਾ ਸਾਂ। ਮੈਨੂੰ ਉੱਥੋਂ ਦੀ ਜਾਣਕਾਰੀ ਨਹੀਂ, ਉਸ ਨੂੰ ਸਾਡੇ ਪਾਸੇ ਦੀ ਜਾਣਕਾਰੀ ਨਹੀਂ ਸੀ। ਦੂਜੇ ਸ਼ਾਇਦ ਉਹਨੇ ਮੇਰੀਆਂ ਬੰਗਲਾਦੇਸ਼ ਬਾਰੇ ਨਜ਼ਮਾਂ ਹੀ ਨਾ ਪੜੀਆਂ। ਦੋਹਾਂ ਪੰਜਾਬਾਂ ਦੀ ਸਾਂਝ ਬਾਰੇ ਉਹਦੇ ਤਿੱਖੇ ਤੇ ਤੇਜ਼ ਰਦੇ-ਅਮਲ ਤੋਂ ਇਹੋ ਜ਼ਾਹਿਰ ਹੁੰਦਾ ਏ ਕਿ ਉਹਨੇ ਮੇਰੀਆਂ ਨਜ਼ਮਾਂ ਨਹੀਂ ਸਨ ਪੜ੍ਹੀਆਂ ਹੋਈਆਂ। ਜੇ ਪੜ੍ਹੀਆਂ ਹੋਈਆਂ ਹੁੰਦੀਆਂ ਤਾਂ ਉਹ ਐਨਾ ਸਖ਼ਤ ਰੀਐਕਟ ਨਾ ਕਰਦਾ।
(5)
ਮੇਰੀ ਨਜ਼ਮਾਂ ਦੀ ਕਿਤਾਬ ਤਨ-ਤੰਬੂਰ 1974 ਦੇ ਮੁੱਢ ਵਿਚ ਆਰਸੀ ਪਬਲਿਸ਼ਰਜ ਤੋਂ ਛਪ ਚੁੱਕੀ ਸੀ। 1973 ਵਿਚ ਇਹਨੂੰ ਸੰਤੋਖ ਸਿੰਘ ਸੰਤੋਖ ਤੇ ਜੋਗਿੰਦਰ ਸ਼ਮਸ਼ੇਰ ਨੇ ਐਡਿਟ ਕਰਕੇ ਯੂ. ਕੇ. ਤੋਂ ਦਿੱਲੀ ਘੱਲਿਆ ਸੀ। ਬਦਕਿਸਮਤੀ ਕਾਰਨ ਇਹਦੇ ਵਿਚ ਮੇਰੀਆਂ ਇਕ ਦੋ ਜਰੂਰੀ ਨਜ਼ਮਾਂ ਜਿਵੇਂ "ਜੰਗੀ ਕੈਦੀ ਦਾ ਢੋਲਾ"ਤੇ "ਲਾਵਾਰਿਸ ਪੰਜਾਬ ਦਾ ਢੋਲਾ"ਸ਼ਾਮਿਲ ਹੋਣ ਤੋਂ ਰਹਿ ਗਈਆ ਸਨ ਜਿਹੜੀਆਂ ਆਰਸੀ ਵਿਚ ਪਹਿਲਾ ਹੀ ਛਪ ਚੁੱਕੀਆਂ ਸਨ। ਜੇ ਲਾਵਾਰਿਸ ਪੰਜਾਬ ਦਾ ਢੋਲਾ ਉਹਨੇ ਪੜ੍ਹੀ ਹੁੰਦੀ ਤਾਂ ਉਹਦਾ ਏਨਾ ਤੇਜ਼ ਰੀਐਕਸ਼ਨ ਨਾ ਹੁੰਦਾ।
ਦੂਜੇ ਸ਼ਬਦਾਂ ਵਿਚ ਦੋਹਾਂ ਦੇਸ਼ਾਂ ਦੀਆਂ ਸਿਆਸੀ ਹਾਲਤਾਂ ਜਿੰਨੀਆਂ ਵੀ ਵੱਖ-ਵੱਖ ਸਨ, ਸਾਡੀ ਵਿਚਲੀ ਗੱਲ ਇਕੋ ਸੀ ਜਿਹੜੀ ਮੇਰੀ ਇਕ ਕਵਿਤਾ ਤੋਂ ਜ਼ਾਹਿਰ ਹੋ ਜਾਣੀ ਸੀ। ਇਹ ਕਵਿਤਾ ਮੈਂ ਮਾਰਚ 1971 ਵਿਚ ਬੰਗਲਾਦੇਸ਼ ਬਾਰੇ ਦੋ ਨਜ਼ਮਾਂ ਤੋਂ ਫ਼ੌਰਨ ਪਹਿਲਾਂ ਲਿਖੀ ਸੀ। ਉਹਦੀਆਂ ਕੁਝ ਸਤਰਾਂ ਵੇਖੋ :
ਹਯਾਤੀ ਦੇ ਮਤਰਇਏ ਬਚੜਿਓ
ਸਾਡੇ ਵਿਚੋਂ ਕੋਈ ਭਗਤ ਸਿਹਾਂ ਉਠਿਆ ਤਾਂ ਸਾਰੀ ਬਾਰ 'ਚ
ਵਸੀ ਸੋਹਣੀ ਵਾਅ ਪੁਰੇ ਦੀ
ਇਸ ਨੂੰ ਪਰਲੇ ਪਾਸੇ ਦੱਬ ਕੇ ਸਮਝਦੇ ਓ
ਤੁਸਾਂ ਰੱਬ ਦੀ ਲਾਜ ਰੱਖ ਲਈ
ਮੈਂ ਆਖਾਂ ਤੁਸਾਂ ਰੱਬ ਦਾ ਆਖਾ ਮੋੜਿਆ
ਤਾਂ ਵੀ ਤੁਸੀ ਦੋਵੇਂ ਪਾਸੇ ਕੱਲੇ-ਕੱਲੇ ਪਏ ਡਾਂਗਾ ਖਾਂਦੇ
ਉਥਾਂ ਵੀ ਕਹਿਰੀ ਗੈਸ ਅੱਖੀਂ ਪਈ ਘੱਤੀ ਵੇਂਹਦੀ
ਇਥਾਂ ਵੀ ਢਿੱਡਾਂ ਤੋਂ ਖਾਲੀ
ਮੈਂ ਇਸ ਮੌਕੇ ਤੋਂ ਆਪਣੀ ਸ਼ਾਇਰੀ ਸੁਣਾਉਣ ਦਾ ਲਾਭ ਨਹੀਂ ਲੈਣਾ ਚਾਹੁੰਦਾ ਸਗੋਂ ਪਾਸ਼ ਦੀ ਕਵਿਤਾ ਵੱਲ ਵਾਪਿਸ ਆਉਣਾ ਚਾਹੁੰਦਾ ਹਾਂ। ਇਹ ਨਜ਼ਮ ਨਿਰੀ ਨਾ-ਮਾਤਰ ਮੇਰੇ ਨਾਂ ਕੀਤੀ ਗਈ ਏ। ਅਸਲ ਵਿਚ ਇਹ ਉਹਦੀ ਆਈਡੀਓਲੋਜ਼ੀਕਲ ਪੁਜ਼ੀਸ਼ਨ ਨੂੰ ਖੋਲ ਕੇ ਬਿਆਨ ਕਰਦੀ ਏ। ਮਾਉ ਨੇ ਆਖਿਆ ਸੀ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਏ। ਚੀਨ ਦਾ ਭਾਰਤੀ ਰਿਆਸਤ ਨਾਲ ਆਢਾ ਲੱਗਾ ਹੋਇਆ ਸੀ ਤੇ ਭਾਰਤੀ ਰਿਆਸਤ ਲੋਕਾਈ ਦੀ ਵੈਰੀ ਸੀ। ਇਸੇ ਨੀਤੀ ਨੂੰ ਪਾਕਿਸਤਾਨੀ ਰਿਆਸਤ ਵੀ ਆਪਣਾ ਰਹੀ ਸੀ। ਚੀਨ, ਭਾਰਤ ਉਹਦਾ ਦੁਸ਼ਮਣ ਸੀ। ਇਸੇ ਲਈ ਚੀਨ ਪਾਕਿਸਤਾਨ ਦਾ ਯਾਰ ਸੀ। ਇਲਾਕੇ ਦੀ ਸਿਆਸਤ ਵਿਚ ਇਕ ਹੋਰ ਫਾਰਮੂਲਾ ਵੀ ਕੰਮ ਕਰ ਰਿਹਾ ਸੀ। ਭਾਰਤ ਦਾ ਯਾਰ ਸੋਵੀਅਤ ਯੂਨੀਅਨ ਪਾਕਿਸਤਾਨ ਦਾ ਦੋਸਤ ਕਿਉਂ ਹੋ ਸਕਦਾ ਏ। ਪਾਕਿਸਤਾਨੀ ਫ਼ੌਜ ਬੰਗਲਾਦੇਸ਼ ਤੇ ਚੜਾਈ ਕੀਤੀ ਬੈਠੀ ਸੀ। ਚੀਨ ਬੰਗਾਲੀਆਂ ਦੇ ਕਤਲੇਆਮ ਵਿਚ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ। ਸੋਵੀਅਤ ਯੂਨੀਅਨ ਤੇ ਭਾਰਤ ਬੰਗਾਲੀਆਂ ਦੀ ਹਿਮਾਇਤ ਕਰ ਰਹੇ ਸਨ ਪਰ ਇਹ ਤਾਂ ਰਿਆਸਤ ਦੇ ਰੌਲੇ-ਗੌਲੇ ਸਨ। ਲੋਕ ਪੈੜ ਰੱਖਣ ਵਾਲੇ ਸੂਝਵਾਨ ਵੀ ਵੰਡੇ ਜਾ ਰਹੇ ਸਨ। ਪਾਕਿਸਤਾਨੀ ਕਮਿਊਨਿਸਟ ਪਾਰਟੀ (CPC) ਸੋਵੀਅਤ ਯੂਨੀਅਨ ਤੇ ਭਾਰਤੀ ਛਫੀ ਦੀ ਆਵਾਜ਼ ਵਿਚ ਆਪਣੀ ਆਵਾਜ਼ ਰਲਾ ਰਹੀ ਸੀ। ਓਧਰ ਦੇ ਕਾਮਰੇਡ ਵੀ ਰੂਸ ਚੀਨ ਝੇੜੇ ਵਿਚ ਇਕ ਤੋਂ ਵੱਧ ਵੰਡੀਆਂ ਦੇ ਸ਼ਿਕਾਰ ਸਨ।
Comments
ਸਾਹਿਤ ਸਰੋਦ ਤੇ ਸੰਵੇਦਨਾ
- ਮੇਰਾ ਦਿਲ ਪਾਸ਼-ਪਾਸ਼: ਅਹਿਮਦ ਸਲੀਮ
- ਕੰਢੀ ਦਾ ਜੰਮਿਆ-ਜਾਇਆ ਤੇ ਪਰਨਾਇਆ : ਡਾ. ਧਰਮਪਾਲ ਸਾਹਿਲ
- ਹਰਿਆਣੇ ਦਾ 2021 ਦਾ ਸਾਹਿਤ ਅਵਲੋਕਨ: ਪੁਸਤਕ ਸੰਦਰਭ
- ਸਈਦ ਅਖਤਰ ਮਿਰਜ਼ਾ ਅਤੇ ਉਸ ਦੀਆਂ ਫਿਲਮਾਂ -ਸੁਖਵੰਤ ਹੁੰਦਲ
- ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ : ਸੀਮਾਵਾਂ ਤੇ ਸੰਭਾਵਨਾਵਾਂ
- ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ - ਮਨਜੀਤ ਸਿੰਘ ਰੱਤੂ
- ਪਾਸ਼ ਦੀ ਪ੍ਰਸੰਗਿਕਤਾ -ਡਾ. ਭੀਮ ਇੰਦਰ ਸਿੰਘ
- ਉਜੜਤਾ ਪੰਜਾਬ ਬਾਰੇ ਦੋ ਗੱਲਾਂ - ਰਾਜਵਿੰਦਰ ਮੀਰ
- ਮਨੋਜ ਕੁਮਾਰ ਦਾ ਦੇਸ਼ ਪ੍ਰੇਮ! –ਅਰੁਣਦੀਪ
- ਮੌਜੂਦਾ ਸਮਿਆਂ ਦੇ ਰੂਬਰੂ 'ਲਵ ਪੰਜਾਬ' –ਅਰੁਣਦੀਪ
- ਜੁਝਾਰਵਾਦੀ ਕਵਿਤਾ ਦੇ ਵਿਭਿੰਨ ਪਾਸਾਰ - ਡਾ. ਭੀਮ ਇੰਦਰ ਸਿੰਘ
- ਮਿੱਤਰਾਂ ਨੇ ਮੁੱਛ ਰੱਖੀ ਆ… - ਡਾ. ਬਲਵੰਤ ਸਿੰਘ ਸੰਧੂ
- ਗੋਰਾ ਰੰਗ ਨਾ ਕਿਸੇ ਦਾ ਹੋਵੇ, ਸਾਰਾ ਪਿੰਡ ਵੈਰ ਪੈ ਗਿਆ. . . -ਸੁਰਜੀਤ ਮਾਨ
- ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? - ਡਾ. ਜੋਗਾ ਸਿੰਘ
- ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ‘ਕਿੱਸਾ ਪੰਜਾਬ’ - ਬਿੰਦਰਪਾਲ ਫ਼ਤਿਹ
- ਇਨਾਮ ਵਾਪਸ ਕਰਨ ਵਾਲੇ ਲੇਖਕਾਂ ਦੇ ਵਿਚਾਰ
- ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ
- ਵਿਰਸੇ ਦੀ ਫੁਲਕਾਰੀ ਵਰਗਾ ਹੈ ਹਰਮੇਸ਼ ਕੌਰ ਯੋਧੇ ਦਾ ਰਚਨਾ ਸੰਸਾਰ -ਬਲਜਿੰਦਰ ਮਾਨ
- ਪਿੱਤਰ-ਸੱਤਾ ਅਤੇ ਨਾਰੀ ਦਮਨ : ਇਤਿਹਾਸਕ ਪਰਿਪੇਖ - ਜੀਤਪਾਲ ਸਿੰਘ
- ਬਾਲ-ਮਨਾਂ ਨੂੰ ਸਿੱਖਿਆਤਮਿਕ ਸੇਧਾਂ ਦੇਣ ਵਾਲਾ ਬਾਲ ਲੇਖਕ ਮੰਗਲਦੀਪ - ਗੁਰਪ੍ਰੀਤ ਸਿੰਘ ਰੰਗੀਲਪੁਰ
- ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ! - ਰਚਨਾ ਯਾਦਵ
- ਅਵਤਾਰ ਸਿੰਘ ਬਿਲਿੰਗ ਦਾ ਨਾਵਲ: ਖਾਲੀ ਖੂਹਾਂ ਦੀ ਕਥਾ
- ਭਾਈ ਲਾਲੋ ਕਲਾ ਸਨਮਾਨ ਦੇ ਹਵਾਲੇ ਨਾਲ ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦਾ ਮਹੱਤਵ -ਪਾਵੇਲ ਕੁੱਸਾ
- ਮੈਂ ਕਿਉਂ ਲਿਖਦਾ ਹਾਂ -ਅਵਤਾਰ ਸਿੰਘ ਬਿਲਿੰਗ
- ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 - ਡਾ. ਅਮਰਜੀਤ ਸਿੰਘ
- ਫ਼ਿਲਮ ਕਲਾ ਅਤੇ ਫਾਸ਼ੀਵਾਦ -ਬਿੰਦਰਪਾਲ ਫ਼ਤਿਹ
- ਵਾਰਿਸ ਸ਼ਾਹ ਦੀ ਬੇਰੀ ਦਾ ਬੇ ਫ਼ੈਜ਼ ਪੁੱਤਰ- ਤਾਰਿਕ ਗੁੱਜਰ
- ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ -ਬੁੱਧ ਸਿੰਘ ਨੀਲੋਂ
- ਸਮਾਜਕ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦਾ ਐਸ ਅਸ਼ੋਕ ਭੌਰਾ ਦਾ ਰਚਨਾ ਸੰਸਾਰ -ਬਲਜਿੰਦਰ ਮਾਨ
- ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ -ਚੰਦਰ ਮੋਹਨ
- ਪਿਆਰ ਤੇ ਕ੍ਰਾਂਤੀ ਦਾ ਕਵੀ : ਪ੍ਰੋ ਮੋਹਨ ਸਿੰਘ
- ਹੈਦਰ: ਪੰਜਾਬ ਦੇ ਖੂਨੀ ਦਹਾਕੇ ਦੀ ਯਾਦ ਦਿਵਾਉਂਦੀ ਕਸ਼ਮੀਰ ਦੀ ਕਹਾਣੀ - ਹਰਮੀਤ ਢਿੱਲੋਂ
- ਆਧੁਨਿਕ ਭਾਰਤ ਦੇ ਪ੍ਰਤੀਭਾਸ਼ਾਲੀ ਇਤਿਹਾਸਕਾਰ ਬਿਪਨ ਚੰਦਰਾ -ਇਰਫ਼ਾਨ ਹਬੀਬ
- ਮੇ ਆਈ ਕਮ ਇਨ ਮੈਡਮ ? –ਸੁਰਜੀਤ ਪਾਤਰ
- ਕਿਸਾਨੀ ਸੰਕਟ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ -ਅਮੋਲਕ ਸਿੰਘ
- ਸਾਹਿਤ-ਸਭਿਆਚਾਰ ਦੀ ਪ੍ਰਫੁੱਲਤਾ ਤੇ ਇਨਾਮ ਇਕਰਾਮ -ਰਘਬੀਰ ਸਿੰਘ
- ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ - ਡਾ. ਰਵਿੰਦਰ ਕੌਰ ‘ਰਵੀ’
- ਵਾਰਿਸ ਲੁਧਿਆਣਵੀ-ਅਕੀਲ ਰੂਬੀ
- ਪੰਜਾਬੀ ਮਿੰਨੀ ਕਹਾਣੀ: ਵਿਭਿੰਨ ਪੜਾਵਾਂ ਦਾ ਅਹਿਮ ਦਸਤਾਵੇਜ਼ -ਪ੍ਰੋ. ਤਰਸਪਾਲ ਕੌਰ
- ਗ਼ਦਰ ਲਹਿਰ ਦੀ ਕਵਿਤਾ ਅੱਜ ਦੇ ਪ੍ਰਪੇਖ ਵਿੱਚ - ਪਰਮਿੰਦਰ ਕੌਰ ਸਵੈਚ
- ਫ਼ੈਜ਼ ਅਹਿਮਦ ਫ਼ੈਜ਼ ਦੀ ਪ੍ਰਤੀਬਧਤਾ -ਡਾ. ਅਮਰਜੀਤ ਸਿੰਘ ਹੇਅਰ
- ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
- ਗ਼ਦਰੀ ਸੂਰਬੀਰਾਂ ਨੂੰ ਚੇਤੇ ਕਰਦਿਆਂ -ਰਘਬੀਰ ਸਿੰਘ
- ਨੂਰਜਹਾਂ (ਕਿਸ਼ਤ ਦੂਜੀ) - ਖ਼ਾਲਿਦ ਹਸਨ
- ਨੂਰਜਹਾਂ (ਕਿਸ਼ਤ ਪਹਿਲੀ)- ਖ਼ਾਲਿਦ ਹਸਨ
- ਗ਼ਦਰ ਪਾਰਟੀ ਦੀ ਵਿਰਾਸਤ - ਰਘਬੀਰ ਸਿੰਘ
- ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ
- ਲਾਹੌਰ ਲਿਟਰੇਰੀ ਫ਼ੈਸਟੀਵਲ: ਚੰਦ ਤਾਸੁਰਾਤ - ਮੁਹੰਮਦ ਸ਼ੋਇਬ ਆਦਿਲ
- ਹਾਇਕੂ : ਮੁੱਢਲੀ ਜਾਣ ਪਛਾਣ ਅਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ -ਹਰਵਿੰਦਰ ਧਾਲੀਵਾਲ
- ਲਾਹੌਰ ਜੇਲ੍ਹ ’ਚ ਭੁੱਖ ਹੜਤਾਲ ਸਮੇਂ ਬਾਬਾ ਸੋਹਣ ਸਿੰਘ ਜੀ ਦਾ ਵਤਨ ਦੇ ਭਰਾਵਾਂ ਨਾਂ ਸੁਨੇਹਾ
- ਭਾਰਤ ਵਿੱਚ ਗ਼ਦਰ ਲਹਿਰ ਦਾ ਉਭਾਰ ਅਤੇ ਪ੍ਰਸਾਰ -ਡਾ. ਜਸਪਾਲ ਸਿੰਘ
- ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ
- ਨਵਾਂ ਮੀਡੀਆ ਅਤੇ ਪੰਜਾਬੀ ਸਮਾਜ -ਵਿਕਰਮ ਸਿੰਘ ਸੰਗਰੂਰ
- ਮਾਨੁਸ਼ੀ - ਰਘਬੀਰ ਸਿੰਘ
- ਸ਼ਹੀਦ ਭਾਈ ਮੇਵਾ ਸਿੰਘ - ਪਰਮਿੰਦਰ ਕੌਰ ਸਵੈਚ
- ਨਵੀਂ ਪੀੜ੍ਹੀ ਦੇ ਨਜ਼ਰੀਏ ਨੂੰ ਉਭਾਰਨ ਦੀ ਪਹਿਲਕਦਮੀ : ਇੱਕ ਸ਼ੁਭ-ਸ਼ਗਨ -ਡਾ. ਬਲਦੇਵ ਸਿੰਘ ਧਾਲੀਵਾਲ
- ਨਾਵਲ ‘ਤੀਵੀਂਆਂ‘ ਵਿਚਲਾ ਸਮਾਜਿਕ ਯਥਾਰਥ ਤੇ ਇਸ ਦੀ ਸਾਹਿਤਕ ਪ੍ਰਸਤੁਤੀ - ਨਿਰੰਜਣ ਬੋਹਾ
- ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ - ਨਿਰੰਜਣ ਬੋਹਾ
- ਸੁਰਿੰਦਰ ਕੌਰ: ਪੰਜਾਬ ਦੀ ਕੋਇਲ - ਰਣਜੀਤ ਸਿੰਘ ਪ੍ਰੀਤ
- ਬਿੰਦਰੱਖੀਆ: ਤਿੜਕੇ ਘੜੇ ਦਾ ਪਾਣੀ - ਰਣਜੀਤ ਸਿੰਘ ਪ੍ਰੀਤ
- ਸਾਹਿਤ, ਸਮਾਜ, ਕਿਤਾਬਾਂ ਅਤੇ ਪੰਜਾਬੀ ਸੱਥ ਵੱਲੋਂ ਪਾਇਆ ਜਾ ਰਿਹਾ ਯੋਗਦਾਨ -ਕੇਹਰ ਸ਼ਰੀਫ਼
- ਅਜਮੇਰ ਸਿੰਘ ਦੀਆਂ ਵਿਵਾਦਤ ਪੁਸਤਕਾਂ: ਸਿੱਖ ਇਤਿਹਾਸਕਾਰੀ ਦੇ ਸਿਆਸੀ ਪ੍ਰਸੰਗ -ਸ਼ਬਦੀਸ਼
- ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ ਦਰਸ਼ਨ ਦੁਸਾਂਝ - ਜਸਵੀਰ ਕੌਰ ਮੰਗੂਵਾਲ
- ਹਜ਼ਾਰ ਕੋਸ਼ਿਸ਼ ਕੀ ਉਨਹੋਂ ਨੇ ,ਮਿਟਤਾ ਨਹੀਂ ਨਿਸ਼ਾਂ ਮਗਰ – ਮਨਦੀਪ
- ਸਾਡਾ ਪਰਿਵਾਰ ਅਤੇ ਮੇਰੀ ਕਵਿਤਾ –ਸੁਰਜੀਤ ਪਾਤਰ
- ਅੱਡਾ-ਖੱਡਾ The game of life ਬਾਰੇ - ਪਰਮਜੀਤ ਕੱਟੂ
- ਕਿਸਾਨੀ ਦੇ ਅਜੋਕੇ ਹਾਲਾਤਾਂ ਵਿੱਚ ਸਰਕਾਰ ਦੀ ਬੇਰੁਖੀ ਦਾ ਮੰਜ਼ਰ -ਹਰਪ੍ਰੀਤ ਸਿੰਘ ਕਾਹਲੋਂ
- ਨਕਸਲੀ ਲਹਿਰ ਦੇ ਜ਼ਿੰਦਾ ਸ਼ਹੀਦ ਦਰਸ਼ਨ ਦੁਸਾਂਝ –ਜਸਵੀਰ ਮੰਗੂਵਾਲ
- ਗ਼ਰੀਬਾਂ ਨੂੰ ਸੰਤੁਸ਼ਟੀ ਦਾ ਨੁਸਖ਼ਾ -ਲੂ ਸ਼ੁਨ
- ਜੂਨ ਦੇ ਗ਼ਦਰੀ ਸ਼ਹੀਦ –ਜਸਵੀਰ ਮੰਗੂਵਾਲ
- 1947 ਤੋਂ ਪਹਿਲਾਂ ਦਾ ਪੰਜਾਬੀ ਸਿਨੇਮਾ :ਇੱਕ ਪਿਛਲਝਾਤ -ਕੁਲਵਿੰਦਰ
- ਮਹਿਦੀ ਹਸਨ : ਅਬ ਕੇ ਹਮ ਬਿਛੜੇ ਤੋ ਕਭੀ ਖ਼ੁਆਬੋਂ. . . - ਰਣਜੀਤ ਸਿੰਘ ਪ੍ਰੀਤ
- ਗੈਬਰੀਅਲ ਗਾਰਸ਼ੀਆ ਮਾਰਕੇਜ਼ ਅਤੇ ਉਸ ਦੀਆਂ ਸ਼ਾਹਕਾਰ ਰਚਨਾਵਾਂ - ਤਨਵੀਰ ਸਿੰਘ ਕੰਗ
- ਲਿਖਣ ਦਾ ਕਾਰਜ ਬਿਲਕੁਲ ਸੌਖਾ ਨਹੀਂ -ਕੇਹਰ ਸ਼ਰੀਫ਼
- ਏਥੇ ਸਰਵਣ ਪੁੱਤਰ ਲੇਖਾ ਮੰਗਦੇ… -ਅਵਤਾਰ ਸਿੰਘ ਬਿਲਿੰਗ
- ਕਰਤਾਰ ਸਿੰਘ ਦੁੱਗਲ -ਗੁਰਬਚਨ
- ਕਵਿਤਾ ਜ਼ਿੰਦਗੀ ਦੀ ਧੜਕਣ ਹੈ ਪਰ “ਕਵਿਤਾ” ਹੋਵੇ ਤਾਂ ਸਹੀ - ਇਕਬਾਲ
- ਸਟੇਟ ਦੇ ਮੂੰਹ ’ਤੇ ਕਰਾਰਾ ਥੱਪੜ ਫ਼ਿਲਮ “ਪਾਨ ਸਿੰਘ ਤੋਮਰ” - ਬਿੰਦਰਪਾਲ ਫਤਿਹ
- 'ਕਵਿਤਾ ਦਾ ਆਤੰਕ' ਇੱਕ ਪ੍ਰਤੀਕਰਮ - ਸੁਰਜੀਤ ਗੱਗ
- ਕਵਿਤਾ ਦਾ ਆਤੰਕ -ਗੁਰਬਚਨ
- ਮਨੁੱਖਤਾ, ਪਛਾਣ, ਹੋਂਦ ਅਤੇ ਹੋਣੀ ਦੇ ਮਸਲੇ ਉਠਾਉਂਦੀ ਪੁਸਤਕ 'ਬੂਵਆਰ ਦਾ ਨਾਰੀਵਾਦ' - ਦਵਿੰਦਰ ਸਿੰਘ
- ਛੇੜੋ-ਛੇੜੋ ਦਿਲ ਦੀਆਂ ਗੱਲਾਂ, ਕਰੋ ਕਿਤੇ ਕੋਈ ਹੱਲਾ-ਗੁੱਲਾ - ਅਜਮੇਰ ਸਿੱਧੂ
- ਅਮਿਤੋਜ : ਗੁਆਚੀ ਪੁਸ਼ਤ ਦਾ ਪ੍ਰਵਚਨ -ਗੁਰਬਚਨ
- ਖ਼ੁਸ਼ਬੂ ਲਹਿੰਦੇ ਪੰਜਾਬ ਦੀ: ਇੱਕ ਸੀ ਫ਼ਰਖ਼ੰਦਾ ਲੋਧੀ -ਦਰਸ਼ਨ ਸਿੰਘ ਆਸ਼ਟ` (ਡਾ.)
- ਕਵਿਤਾ ਤੋਂ ਪਰੇ ‘ਇੱਕ ਪਾਸ਼ ਇਹ ਵੀ’ -ਤਰਨਦੀਪ ਦਿਉਲ
- ਬੇਬਾਕ ਤੇ ਫ਼ੱਕਰ ਲੇਖਕ ਸੀ `ਗੁਰਮੇਲ ਸਰਾ` -ਮਿੰਟੂ ਬਰਾੜ
- ਰਾਜੀਵ ਸ਼ਰਮਾ ਦੀ ਆਤੂ ਖੋਜੀ: ਅੰਬਰ ਲੱਭ ਲਏ ਨਵੇਂ ਨਿਸ਼ਾਨਿਆਂ ਨੇ - ਇੰਦਰਜੀਤ ਕਾਲਾ ਸੰਘਿਆਂ
- ਬੁੱਲ੍ਹੇ ਦਾ ਵਾਰਸ : ਸਾਈਂ ਜ਼ਹੂਰ ਅਹਿਮਦ - ਪਰਮਿੰਦਰ ਸਿੰਘ ਸ਼ੌਂਕੀ
- ‘ਰੰਗਾਂ ਦੀ ਗਾਗਰ’ ਮੇਰੀ ਮਨਪਸੰਦ ਪੁਸਤਕ -ਅਵਤਾਰ ਸਿੰਘ ਬਿਲਿੰਗ
- ਗੱਲ ਸੁਣ ਆਥਣੇ ਨੀ ... –ਸੁਰਜੀਤ ਪਾਤਰ
- ਬਾਬਾ ਜੀ ਸੁਣਦੇ ਪਏ ਹੋ... - ਯੁੱਧਵੀਰ ਸਿੰਘ ਆਸਟਰੇਲੀਆ
- ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਰਣਜੀਤ ਸਿੰਘ ਪ੍ਰੀਤ